ਨਵੀਂ ਦਿੱਲੀ, 29 ਜੁਲਾਈ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਸੰਸਦ ਦਾ ਹੋਰ ਸਮਾਂ ਬਰਬਾਦ ਨਾ ਕਰਨ ਲਈ ਆਖਦਿਆਂ ਮੰਗ ਕੀਤੀ ਕਿ ਉਹ ਵਿਰੋਧੀ ਧਿਰ ਨੂੰ ਮਹਿੰਗਾਈ, ਕਿਸਾਨਾਂ ਅਤੇ ਪੈਗਾਸਸ ਮੁੱਦਿਆਂ ’ਤੇ ਗੱਲਬਾਤ ਕਰਨ ਦਾ ਮੌਕਾ ਦੇਵੇ। ਉਨ੍ਹਾਂ ਟਵੀਟ ਕਰਦਿਆਂ ਆਖਿਆ,‘ਭਾਰਤੀ ਲੋਕਤੰਤਰ ਦਾ ਆਧਾਰ ਹੈ ਕਿ ਸੰਸਦ ਮੈਂਬਰ ਲੋਕਾਂ ਦੀ ਆਵਾਜ਼ ਬਣਨ ਅਤੇ ਕੌਮੀ ਮਹੱਤਵ ਦੇ ਵਿਸ਼ਿਆਂ ਬਾਰੇ ਚਰਚਾ ਕਰਨ, ਪਰ ਮੋਦੀ ਸਰਕਾਰ ਅਜਿਹਾ ਕਰਨ ਦੀ ਆਗਿਆ ਨਹੀਂ ਦੇ ਰਹੀ। ਸੰਸਦ ਦਾ ਹੋਰ ਸਮਾਂ ਬਰਬਾਦ ਨਾ ਕਰੋ ਤੇ ਉਨ੍ਹਾਂ ਨੂੰ ਮਹਿੰਗਾਈ, ਕਿਸਾਨਾਂ ਤੇ ਪੈਗਾਸਸ ਬਾਰੇ ਗੱਲ ਕਰਨ ਦਿਓ।’ ਵਿਰੋਧੀ ਧਿਰ ਵੱਲੋਂ ਸੰਸਦ ਵਿੱਚ ਪੈਗਾਸਸ ਜਾਸੂਸੀ ਮੁੱਦੇ ਅਤੇ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਸਬੰਧੀ ਚਰਚਾ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੰਸਦ ਵਿੱਚ ਪੈਗਾਸਸ ਜਾਸੂਸੀ ਮਾਮਲੇ ’ਤ ਜਮੂਦ ਬਣ ਗਿਆ ਜਾਪਦਾ ਹੈ ਕਿਉਂਕਿ ਵਿਰੋਧੀ ਧਿਰ ਵੱਲੋਂ ਇਸ ’ਤੇ ਚਰਚਾ ਤੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਸਰਕਾਰ ਮੁਤਾਬਕ ਉਸ ਵੱਲੋਂ ਕੋਈ ਜਾਸੂਸੀ ਨਹੀਂ ਕੀਤੀ ਗਈ। -ਪੀਟੀਆਈ