ਨਵੀਂ ਦਿੱਲੀ, 23 ਅਗਸਤ
ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਦੌਰ ’ਚ ਲਈਆਂ ਜਾ ਰਹੀਆਂ ਆਲ ਇੰਡੀਆ ਮੈਡੀਕਲ ਤੇ ਇੰਜਨੀਅਰਿੰਗ ਦੀਆਂ ਦਾਖਲਾ ਪ੍ਰੀਖਿਆਵਾਂ ਨੂੰ ਲੈ ਕੇ ਮਾਪਿਆਂ ਤੇ ਵਿਦਿਆਰਥੀਆਂ ਦੀਆਂ ਚਿੰਤਾਵਾਂ ’ਤੇ ਵਿਚਾਰ ਕੀਤਾ ਜਾਵੇ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੇ ‘ਮਨ ਕੀ ਬਾਤ’ ਸੁਣਨੀ ਚਾਹੀਦੀ ਹੈ ਤੇ ਕਿਸੇ ਚੰਗੇ ਨਤੀਜੇ ’ਤੇ ਪਹੁੰਚਣਾ ਚਾਹੀਦਾ ਹੈ ਜਦਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗ ਕੀਤੀ ਜਦੋਂ ਤੱਕ ਦੇਸ਼ ’ਚ ਕਰੋਨਾ ਕਾਰਨ ਬਣੇ ਹਾਲਾਤ ਸੁਧਰ ਨਹੀਂ ਜਾਂਦੇ, ਤਦ ਤੱਕ ਨੀਟ ਤੇ ਜੇਈਈ ਦੀਆਂ ਪ੍ਰੀਖਿਆਵਾਂ ਨਾ ਲਈਆਂ ਜਾਣ। ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨੂੰ ਪ੍ਰੀਖਿਆਵਾਂ ਮੁਲਤਵੀ ਕਰਨ ਲਈ ਪੱਤਰ ਲਿਖਿਆ ਹੈ। ਸਾਬਕਾ ਐੱਚਆਰਡੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਇਹ ਅਨਿਆਂ ਬੰਦ ਕਰਨਾ ਚਾਹੀਦਾ ਅਤੇ ਨੀਟ ਤੇ ਜੇਈਈ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। -ਪੀਟੀਆਈ