ਗੁਹਾਟੀ, 18 ਫਰਵਰੀ
ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਨੂੰ ਕਈ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਸਾਮ ਨੂੰ ਅਣਗੌਲਿਆ ਕਰਨ ਦੀ ‘ਇਤਿਹਾਸਕ ਭੁੱਲ’ ਨੂੰ ਨਾ ਸਿਰਫ਼ ਸੁਧਾਰ ਰਹੀ ਹੈ ਸਗੋਂ ਸੂਬੇ ਦਾ ਵਿਕਾਸ ਉਸ ਦੀ ਤਰਜੀਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲਾਂ ’ਚ ਕੇਂਦਰ ਅਤੇ ਅਸਾਮ ਦੀ ਡਬਲ ਇੰਜਣ ਸਰਕਾਰ ਨੇ ਪੂਰੇ ਖ਼ਿੱਤੇ ਦੀਆਂ ਭੂਗੋਲਿਕ ਅਤੇ ਸੱਭਿਆਚਾਰਕ ਦੂਰੀਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅਸਾਮ ’ਚ ਪ੍ਰਤੀ ਵਿਅਕਤੀ ਆਮਦਨ ਹੋਰ ਸੂਬਿਆਂ ਨਾਲੋਂ ਵੱਧ ਸੀ ਪਰ 1947 ਤੋਂ ਬਾਅਦ ਵਿਕਾਸ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਇਤਿਹਾਸ ’ਚ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਰਚੁਅਲੀ 3,231 ਕਰੋੜ ਰੁਪਏ ਦੇ ‘ਮਹਾਬਾਹੂ ਬ੍ਰਹਮਪੁੱਤਰ’ ਜਲਮਾਰਗ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਧੁਬਰੀ-ਫੁਲਬਾੜੀ (ਮੇਘਾਲਿਆ) ਪੁਲ ਦਾ ਨੀਂਹ ਪੱਥਰ ਰੱਖਿਆ ਜਿਸ ’ਤੇ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਮਾਜੁਲੀ ਪੁਲ ਦੇ ਨਿਰਮਾਣ ਲਈ ਭੂਮੀ ਪੂਜਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਪਰੈਲ-ਮਈ ’ਚ ਅਸਾਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਭਾਜਪਾ ਸਰਕਾਰ ਵੋਟ ਦੀ ਤਾਕਤ ਨਾਲ ਅਸਾਮ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਬ੍ਰਹਮਪੁੱਤਰ ਅਤੇ ਬਰਾਕ ਸਮੇਤ ਅਸਾਮ ਨੂੰ ਕਈ ਨਦੀਆਂ ਦੀ ਸੌਗਾਤ ਮਿਲੀ ਹੈ ਅਤੇ ਉਸ ਨੂੰ ਹੋਰ ਅਮੀਰ ਬਣਾਉਣ ਲਈ ‘ਮਹਾਬਾਹੂ-ਬ੍ਰਹਮਪੁੱਤਰ’ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਅਸਾਮ ਦੀ ‘ਮਲਟੀਮਾਡਲ ਕੁਨੈਕਟੀਵਿਟੀ’ ਨੂੰ ਮੁੜ ਤੋਂ ਸਥਾਪਤ ਕਰਨ ਲਈ ਇਕ ਤੋਂ ਬਾਅਦ ਇਕ ਕਦਮ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣੇ ਜਿਹੇ ਬੰਗਲਾਦੇਸ਼ ਨਾਲ ਜਲ ਸੰਪਰਕ ਵਧਾਉਣ ਲਈ ਵੀ ਇਕ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਸੂਬੇ ’ਚ ਸੈਰ ਸਪਾਟੇ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਸਨਅਤ ਨੂੰ ਹੁੰਗਾਰਾ ਮਿਲੇਗਾ।
ਸ੍ਰੀ ਮੋਦੀ ਨੇ ਸਵਰਗੀ ਗਾਇਕ ਭੂਪੇਨ ਹਜ਼ਾਰਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬ੍ਰਹਮਪੁੱਤਰ ਦਰਿਆ ਦੇ ਕੰਢਿਆਂ ’ਤੇ ਅਸਾਮ ਦਾ ਸਭਿਆਚਾਰ ਅਤੇ ਸੱਭਿਅਤਾ ਵਿਕਸਤ ਹੋਈ। ਮਾਜੁਲੀ ’ਚ ਹੋਏ ਸਮਾਗਮ ਦੌਰਾਨ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਹਾਜ਼ਰੀ ਭਰੀ। -ਪੀਟੀਆਈ
‘ਕੋਵਿਡ-19 ਖ਼ਿਲਾਫ਼ ਜੰਗ ’ਚ ਵੱਡਮੁਲੀ ਸਿੱਖਿਆ ਮਿਲੀ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣ ਏਸ਼ਿਆਈ ਅਤੇ ਹਿੰਦ ਮਹਾਸਾਗਰ ’ਚ ਪੈਂਦੇ ਟਾਪੂਆਂ ਵਾਲੇ ਮੁਲਕਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਦਿਖਾਈ ਗਈ ਖੇਤਰੀ ਇਕਜੁੱਟਤਾ ਨੇ ਸਾਬਿਤ ਕੀਤਾ ਹੈ ਕਿ ਅਜਿਹਾ ਸਹਿਯੋਗ ਸੰਭਵ ਹੈ। ‘ਕੋਵਿਡ-19 ਪ੍ਰਬੰਧਨ: ਤਜਰਬਾ, ਚੰਗੀ ਕਾਰਜਪ੍ਰਣਾਲੀ ਅਤੇ ਭਵਿੱਖ ਦੀ ਰਾਹ’ ਬਾਰੇ 10 ਗੁਆਂਢੀ ਮੁਲਕਾਂ ਨਾਲ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਹਿਯੋਗ ਦੀ ਭਾਵਨਾ ਇਸ ਮਹਾਮਾਰੀ ਦੀ ਅਹਿਮ ਸਿੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ 21ਵੀਂ ਸ਼ਤਾਬਦੀ ਨੂੰ ਏਸ਼ੀਆ ਦੀ ਸ਼ਤਾਬਦੀ ਬਣਾਉਣਾ ਹੈ ਤਾਂ ਇਹ ਦੱਖਣ ਏਸ਼ਿਆਈ ਅਤੇ ਹਿੰਦ ਮਹਾਸਾਗਰ ਦੇ ਟਾਪੂ ਮੁਲਕਾਂ ਵਿਚਕਾਰ ਵਿਆਪਕ ਸਹਿਯੋਗ ਬਗੈਰ ਸੰਭਵ ਨਹੀਂ ਹੋ ਸਕਦਾ ਹੈ। -ਪੀਟੀਆਈ
ਮੋਦੀ ਆਨਲਾਈਨ ਕਰਨਗੇ ‘ਪ੍ਰੀਕਸ਼ਾ ਪੇ ਚਰਚਾ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰਚ ’ਚ 9 ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ‘ਪ੍ਰੀਕਸ਼ਾ ਪੇ ਚਰਚਾ’ ਕਰਨਗੇ। ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਵਿਦਿਆਰਥੀਆਂ ਨਾਲ ਉਹ ਆਨਲਾਈਨ ਹੀ ਰੂ-ਬ-ਰੂ ਹੋਣਗੇ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਬਹਾਦਰ ਯੋਧਿਆਂ ਨੇ ਪ੍ਰੀਖਿਆ ਦੇਣ ਲਈ ਕਮਰ ਕੱਸੇ ਸ਼ੁਰੂ ਕਰ ਦਿੱਤੇ ਹਨ ਤਾਂ ‘ਪਰੀਕਸ਼ਾ ਪੇ ਚਰਚਾ 2021’ ਪਰਤ ਆਈ ਹੈ। ‘ਇਸ ਵਾਰ ਇਹ ਚਰਚਾ ਆਨਲਾਈਨ ਹੋਵੇਗੀ ਅਤੇ ਦੁਨੀਆ ਭਰ ਦੇ ਵਿਦਿਆਰਥੀ ਇਸ ’ਚ ਹਿੱਸਾ ਲੈ ਸਕਦੇ ਹਨ।’ ਉਨ੍ਹਾਂ ਵਿਦਿਆਰਥੀਆਂ ਨੂੰ ਮੁਸਕਰਾਉਂਦੇ ਅਤੇ ਬਿਨਾਂ ਤਣਾਅ ਦੇ ਪ੍ਰੀਖਿਆਵਾਂ ਦੇਣ ਦਾ ਸੱਦਾ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਰਜਿਸਟਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 14 ਮਾਰਚ ਨੂੰ ਖ਼ਤਮ ਹੋਵੇਗੀ। -ਪੀਟੀਆਈ