ਨਵੀਂ ਦਿੱਲੀ, 22 ਅਪਰੈਲ
ਉੱਤਰ ਪ੍ਰਦੇਸ਼ ਵਿਚ ਕਰੋਨਾਵਾਇਰਸ ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ’ਚ ਸੂਬਾ ਸਰਕਾਰ ’ਤੇ ਅਸਫ਼ਲ ਰਹਿਣ ਦੇ ਦੋਸ਼ ਲਾਉਂਦਿਆਂ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਲੋਕਾਂ ਦੀ ਰੱਖਿਆ ਕਰਨ ਤੇ ਸਹਿਯੋਗ ਕਰਨ ਦੀ ਭੂਮਿਕਾ ਤਾਂ ਪਹਿਲਾਂ ਹੀ ਛੱਡ ਚੁੱਕੀ ਸੀ ਅਤੇ ਹੁਣ ਤਾਂ ਉਹ ‘ਹਮਲਾਵਰ’ ਦੀ ਭੂਮਿਕਾ ਵਿਚ ਆ ਗਈ ਹੈ। ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਾਂਗਰਸ ਦੀ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਨਿਪਟਣ ਵਿਚ ਭਾਜਪਾ ਸਰਕਾਰ ਵੱਲੋਂ ਇਕ ਵਾਰ ਫਿਰ ਲੋਕਾਂ ਪ੍ਰਤੀ ‘ਹੰਕਾਰੀ, ਤਾਨਾਸ਼ਾਹੀ ਤੇ ਅਣਮਨੁੱਖੀ ਵਤੀਰਾ’ ਦੇਖਣ ਨੂੰ ਮਿਲਿਆ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਉੱਤਰ ਪ੍ਰਦੇਸ਼ ਵਿਚ ਬੁੱਧਵਾਰ ਨੂੰ ਕਰੋਨਾਵਾਇਰਸ ਦੇ ਇਕ ਦਿਨ ਵਿੱਚ ਰਿਕਾਰਡ 33,214 ਨਵੇਂ ਕੇਸ ਸਾਹਮਣੇ ਆਏ ਅਤੇ ਇਕ ਦਿਨ ਵਿਚ 187 ਮਰੀਜ਼ਾਂ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੱਧਰ ’ਤੇ ਸਭ ਤੋਂ ਵੱਡੀ ਅਸਫ਼ਲਤਾ ਇਹ ਰਹੀ ਕਿ ਕੋਈ ਯੋਜਨਾ ਨਹੀਂ ਸੀ, ਕੋਈ ਤਿਆਰੀ ਨਹੀਂ ਤੇ ਕੋਈ ਦੂਰਦਰਸ਼ਤਾ ਨਹੀਂ। ਪ੍ਰਿਯੰਕਾ ਗਾਂਧੀ ਨੇ ਸਵਾਲ ਕੀਤਾ, ‘‘ਦੁਨੀਆ ਭਰ ਦੇ ਸਾਰੇ ਦੇਸ਼ਾਂ ਨੇ ਕੋਵਿਡ ਦੀ ਦੂਜੀ ਲਹਿਰ ਦਾ ਸਾਹਮਣਾ ਕੀਤਾ-ਅਸੀਂ ਉਨ੍ਹਾਂ ਤੋਂ ਕੀ ਸਿੱਖਿਆ? ਪਹਿਲੀ ਤੇ ਦੂਜੀ ਲਹਿਰ ਵਿਚਲੇ ਸਮੇਂ ਨੂੰ ਅਸੀਂ ਕਿਵੇਂ ਇਸਤੇਮਾਲ ਕੀਤਾ?’’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਆਪਣੇ ਸੀਰੋ ਸਰਵੇਖਣ ਦੇ ਨਤੀਜੇ ਦਿਖਾਉਂਦੇ ਹਨ ਕਿ ਪੰਜ ਕਰੋੜ ਲੋਕ ਕਰੋਨਾ ਦੀ ਲਪੇਟ ’ਚ ਆ ਚੁੱਕੇ ਸਨ ਅਤੇ ਇਹ ਮਹਾਮਾਰੀ ਦੀ ਦੂਜੀ ਲਹਿਰ ਦਾ ਸੰਕੇਤ ਸੀ। ਉਨ੍ਹਾਂ ਕਿਹਾ ਕਿ ਹਰੇਕ ਸਰੋਤ ਨੂੰ ਲੋਕਾਂ ਦੀ ਜ਼ਿੰਦਗੀ ਬਚਾਉਣ ਅਤੇ ਮਹਾਮਾਰੀ ਦਾ ਮੁਕਾਬਲਾ ਕਰਨ ਵਿਚ ਲਗਾਉਣ ਦੀ ਬਜਾਏ, ਉੱਤਰ ਪ੍ਰਦੇਸ਼ ਸਰਕਾਰ ਅਜੇ ਵੀ ਸਮੇਂ ਤੇ ਸਰੋਤਾਂ ਦੀ ਬਰਬਾਦੀ ਸੱਚ ਨੂੰ ਛੁਪਾਉਣ ਲਈ ਕਰ ਰਹੀ ਹੈ। -ਪੀਟੀਆਈ