ਨਵੀਂ ਦਿੱਲੀ, 21 ਮਾਰਚ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਰਾਜ ਸਭਾ ’ਚ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਾਲੀ ਵਰ੍ਹੇ 2018-19 ’ਚ ਹੋਏ ਵਾਧੂ ਖ਼ਰਚੇ ਲਈ ਸੰਸਦ ਤੋਂ ਮਨਜ਼ੂਰੀ ਲੈਣ ’ਚ ਸਰਕਾਰ ਨੇ ਦੇਰੀ ਕੀਤੀ ਸੀ। ਵਿੱਤੀ ਵਰ੍ਹੇ 2021-22 ਲਈ ਸੰਚਿਤ ਫ਼ੰਡ ਅਤੇ ਵਿੱਤੀ ਵਰ੍ਹੇ 2018-19 ਦੇ ਨਮਿੱਤਣ ਬਿੱਲ ਨੂੰ ਅੱਜ ਰਾਜ ਸਭਾ ਨੇ ਲੋਕ ਸਭਾ ਨੂੰ ਮੋੜ ਦਿੱਤਾ। ਬਹਿਸ ਦੌਰਾਨ ਮੈਂਬਰਾਂ ਨੇ ਕਿਹਾ ਸੀ ਕਿ ਸਰਕਾਰ ਨੇ 2018-19 ਲਈ ਵਾਧੂ ਖ਼ਰਚੇ ਦੀਆਂ ਮੰਗਾਂ ਨੂੰ ਹੁਣ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਵਿਸ਼ਾ ਲੋਕ ਲੇਖਾ ਕਮੇਟੀ ਕੋਲ ਸੀ ਅਤੇ ਉਸ ਨੇ ਸਰਕਾਰ ਨੂੰ ਕਿਹਾ ਸੀ ਕਿ ਉਹ ਇਸ ਵਾਧੂ ਖ਼ਰਚੇ ਨੂੰ ਨਿਯਮਤ ਕਰਨ ਲਈ ਸੰਸਦ ਤੋਂ ਮਨਜ਼ੂਰੀ ਲਏ। ਲੋਕ ਸਭਾ ਪਹਿਲਾਂ ਹੀ ਦੋਵੇਂ ਨਮਿੱਤਣ ਬਿੱਲਾਂ ਨੂੰ ਪਾਸ ਕਰ ਚੁੱਕੀ ਹੈ ਅਤੇ ਇਹ ਬਿੱਲ ਸਿਫ਼ਾਰਸ਼ਾਂ ਲਈ ਰਾਜ ਸਭਾ ’ਚ ਭੇਜੇ ਗਏ ਸਨ ਜੋ 14 ਦਿਨਾਂ ਦੇ ਅੰਦਰ ਲੋਕ ਸਭਾ ਨੂੰ ਮੋੜੇ ਜਾਣੇ ਸਨ। ਵਿੱਤ ਮੰਤਰੀ ਨੇ ਕਿਹਾ ਕਿ ਈਪੀਐੱਫ ’ਤੇ ਪ੍ਰਸਤਾਵਿਤ 8.1 ਫ਼ੀਸਦ ਵਿਆਜ ਦਰ ਹੋਰ ਛੋਟੀਆਂ ਬੱਚਤ ਯੋਜਨਾਵਾਂ ਤੋਂ ਮਿਲਣ ਵਾਲੇ ਵਿਆਜ ਨਾਲੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਈਪੀਐੱਫਓ ਦੇ ਕੇਂਦਰੀ ਬੋਰਡ ਨੇ ਵਿਆਜ ਦਰ ਤੈਅ ਕੀਤੀ ਹੈ। ਇਸ ਦੌਰਾਨ ਸੀਤਾਰਾਮਨ ਅਤੇ ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਵਿਚਕਾਰ ਤਰਕਾਰ ਵੀ ਹੋਈ। ਪ੍ਰਿਯੰਕਾ ਨੇ ਬੇਰੁਜ਼ਗਾਰੀ ਅਤੇ ਈਪੀਐੱਫ ਦੀ ਵਿਆਜ ਦਰਜ ਘਟਾਉਣ ਸਮੇਤ ਹੋਰ ਕਈ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਨਮਿੱਤਣ ਬਿੱਲ ਨੂੰ ਫੰਡਾਂ ਦੀ ਦੁਰਵਰਤੋਂ ਕਰਾਰ ਦਿੱਤਾ। ਇਸ ’ਤੇ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਇਹ ਸ਼ਬਦ ਠੀਕ ਨਹੀਂ ਹੈ। ਚੇਅਰਮੈਨ ਦੀ ਕੁਰਸੀ ’ਤੇ ਵਿਰਾਜਮਾਨ ਸੁਰੇਂਦਰ ਸਿੰਘ ਨਾਗਰ ਨੇ ਕਿਹਾ ਕਿ ਜੇਕਰ ਇਹ ਸ਼ਬਦ ਗ਼ੈਰਸੰਸਦੀ ਹੋਇਆ ਤਾਂ ਉਸ ਨੂੰ ਸਦਨ ਦੀ ਕਾਰਵਾਈ ’ਚੋਂ ਹਟਾ ਦਿੱਤਾ ਜਾਵੇਗਾ।
22,500 ਭਾਰਤੀ ਯੂਕਰੇਨ ਤੋਂ ਪਰਤੇ: ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ ਕੇ ਸਿੰਘ ਨੇ ਰਾਜ ਸਭਾ ’ਚ ਦੱਸਿਆ ਕਿ ਪਹਿਲੀ ਫਰਵਰੀ ਤੋਂ 11 ਮਾਰਚ ਦਰਮਿਆਨ ਕਰੀਬ 22,500 ਭਾਰਤੀ ਨਾਗਰਿਕ ਯੂਕਰੇਨ ’ਚੋਂ ਪਰਤੇ ਹਨ। ਮੰਤਰੀ ਨੇ ਕਿਹਾ ਕਿ ਅਪਰੇਸ਼ਨ ਗੰਗਾ ਤਹਿਤ ਕੁੱਲ 90 ਉਡਾਣਾਂ ਰਾਹੀਂ ਭਾਰਤੀਆਂ ਨੂੰ ਯੂਕਰੇਨ ’ਚੋਂ ਕੱਢਿਆ ਗਿਆ। ਇਨ੍ਹਾਂ ’ਚ ਭਾਰਤੀ ਹਵਾਈ ਸੈਨਾ ਦੇ 14 ਜਹਾਜ਼ ਵੀ ਸ਼ਾਮਲ ਸਨ। ਰਾਜ ਸਭਾ ’ਚ ਲਿਖਤੀ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਪਰੇਸ਼ਨ ਗੰਗਾ ਤਹਿਤ ਚਲਾਈਆਂ ਗਈਆਂ ਸਾਰੀਆਂ ਉਡਾਣਾਂ ਦਾ ਖ਼ਰਚਾ ਸਰਕਾਰ ਨੇ ਸਹਿਣ ਕੀਤਾ ਹੈ ਅਤੇ ਵਿਦਿਆਰਥੀਆਂ ਤੋਂ ਇਕ ਵੀ ਪੈਸਾ ਨਹੀਂ ਲਿਆ ਗਿਆ ਹੈ।
ਦਸ ਤੋਂ ਜ਼ਿਆਦਾ ਮੁਲਾਜ਼ਮਾਂ ਵਾਲੀਆਂ ਕੰਪਨੀਆਂ ’ਚ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਕਮੇਟੀ ਬਣੇ:
ਕੇਂਦਰੀ ਕਿਰਤ ਮੰਤਰੀ ਭੁਪੇਂਦਰ ਯਾਦਵ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ ਜਿਹੜੇ ਅਦਾਰੇ ’ਚ 10 ਤੋਂ ਜ਼ਿਆਦਾ ਮੁਲਾਜ਼ਮ ਹਨ, ਉਥੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੇ ਨਬਿੇੜੇ ਲਈ ਕਮੇਟੀ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੇ ਉਦੇਸ਼ ਨਾਲ ਐਕਟ ਬਣਾਇਆ ਗਿਆ ਹੈ।
-ਪੀਟੀਆਈ
ਸੰਸਦੀ ਕਮੇਟੀ ਵੱਲੋਂ ਪ੍ਰਸਾਰ ਭਾਰਤੀ ’ਚ ਅਸਾਮੀਆਂ ਭਰਨ ਦੀ ਹਦਾਇਤ
ਨਵੀਂ ਦਿੱਲੀ: ਪ੍ਰਸਾਰ ਭਾਰਤੀ ’ਚ 25,188 ਅਹੁਦੇ ਖਾਲੀ ਹੋਣ ਦਾ ਨੋਟਿਸ ਲੈਂਦਿਆਂ ਸੰਸਦੀ ਕਮੇਟੀ ਨੇ ਅੱਜ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਕਿਹਾ ਹੈ ਕਿ ਇਹ ਅਸਾਮੀਆਂ ਛੇਤੀ ਤੋਂ ਛੇਤੀ ਭਰੀਆਂ ਜਾਣ। ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸਟੈਂਡਿੰਗ ਕਮੇਟੀ ਨੇ ਆਪਣੀ 34ਵੀਂ ‘ਡਿਮਾਂਡ ਫਾਰ ਗ੍ਰਾਂਟਸ’ ਰਿਪੋਰਟ ’ਚ ਕਿਹਾ ਕਿ ਇਸ ਸਮੇਂ ਦੂਰਦਰਸ਼ਨ ’ਚ 9,869 ਅਤੇ ਆਲ ਇੰਡੀਆ ਰੇਡੀਓ ’ਚ 15,319 ਅਹੁਦੇ ਖਾਲੀ ਪਏ ਹਨ। ਕਮੇਟੀ ਨੇ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਅਸਾਮੀਆਂ ਭਰਨ ’ਚ ਹੋਰ ਦੇਰੀ ਨਾ ਕਰੇ ਤਾਂ ਜੋ ਅਦਾਰੇ ਦੀ ਕਾਰਜਕੁਸ਼ਲਤਾ ਅਮਲੇ ਦੀ ਘਾਟ ਕਾਰਨ ਪ੍ਰਭਾਵਿਤ ਨਾ ਹੋਵੇ। ਕਮੇਟੀ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਅਸਾਮੀਆਂ ਤੇਜ਼ੀ ਨਾਲ ਭਰਨ ਦੀ ਵਾਰ ਵਾਰ ਕੀਤੀ ਗਈ ਸਿਫ਼ਾਰਸ਼ ਦੇ ਬਾਵਜੂਦ ਇਹ ਅਮਲ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਅਸਾਮੀਆਂ ਦੀ ਗਿਣਤੀ 2,855 ਹੋਰ ਵਧ ਗਈ। -ਪੀਟੀਆਈ
95 ਫ਼ੀਸਦੀ ਪਿੰਡਾਂ ਦੇ ਪੰਜ ਕਿਲੋਮੀਟਰ ਘੇਰੇ ’ਚ ਸੈਕੰਡਰੀ ਸਕੂਲ
ਕੇਂਦਰੀ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ ਦੇਸ਼ ਦੇ 95 ਫ਼ੀਸਦੀ ਪਿੰਡਾਂ ਦੇ ਪੰਜ ਕਿਲੋਮੀਟਰ ਦੇ ਘੇਰੇ ’ਚ ਸੈਕੰਡਰੀ ਸਕੂਲ ਹਨ। ਉਨ੍ਹਾਂ ਕਿਹਾ ਕਿ 90 ਫ਼ੀਸਦ ਤੋਂ ਜ਼ਿਆਦਾ ਪਿੰਡਾਂ ਦੇ ਸੱਤ ਕਿਲੋਮੀਟਰ ਦੇ ਘੇਰੇ ’ਚ ਸੀਨੀਅਰ ਸੈਕੰਡਰੀ ਸਕੂਲ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮੱਗਰ ਸ਼ਿਕਸ਼ਾ ਯੋਜਨਾ ਸਮੇਤ ਸਕੂਲੀ ਸਿੱਖਿਆ ਦੇ ਪੱਧਰ ’ਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ