ਨਵੀਂ ਦਿੱਲੀ, 26 ਅਪਰੈਲ
ਪਹਿਲੀ ਮਈ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਦੇ ਤੀਜੇ ਗੇੜ ਦੌਰਾਨ ਕੇਂਦਰ, ਸੂਬਿਆਂ ਤੇ ਨਿੱਜੀ ਹਸਪਤਾਲਾਂ ਨੂੰ ਕਰੋਨਾ ਵੈਕਸੀਨਾਂ ਵੱਖੋ-ਵੱਖਰੀ ਕੀਮਤਾਂ ’ਤੇ ਮਿਲਣ ਨੂੰ ਲੈ ਕੇ ਪੈ ਰਹੇ ਰੌਲੇ-ਰੱਪੇ ਦਰਮਿਆਨ ਮੋਦੀ ਸਰਕਾਰ ਨੇ ਪੁਣੇ ਅਧਾਰਿਤ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਤੇ ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਨੂੰ ਕੋਵਿਡ ਵੈਕਸੀਨਾਂ ਦੀਆਂ ਕੀਮਤਾਂ ਘਟਾਉਣ ਲਈ ਕਿਹਾ ਹੈ। ਵੈਕਸੀਨਾਂ ਦੀ ਕੀਮਤ ਨਾਲ ਜੁੜਿਆ ਮੁੱਦਾ ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਵਿੱਚ ਵਿਚਾਰਿਆ ਗਿਆ। ਇਨ੍ਹਾਂ ਦੋਵਾਂ ਕੰਪਨੀਆਂ ਵੱਲੋਂ ਸੋਧੀਆਂ ਹੋਈਆਂ ਕੀਮਤਾਂ ਬਾਰੇ ਜਲਦੀ ਹੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਭਾਰਤ ਬਾਇਓਟੈੱਕ ਨੇ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਦੀ ਸੂਬਿਆਂ ਲਈ ਪ੍ਰਤੀ ਡੋਜ਼ ਦੀ ਕੀਮਤ 600 ਰੁਪਏ ਜਦੋਂਕਿ ਨਿੱਜੀ ਹਸਪਤਾਲਾਂ ਲਈ ਪ੍ਰਤੀ ਖੁਰਾਕ 1200 ਰੁਪਏ ਨਿਰਧਾਰਿਤ ਕੀਤੀ ਸੀ। ਉਧਰ ਭਾਰਤੀ ਸੀਰਮ ਇੰਸਟੀਚਿਊਟ ਨੇ ਸੂਬਾਂ ਸਰਕਾਰਾਂ ਲਈ ਕੋਵੀਸ਼ੀਲਡ ਦੀ ਇਕ ਡੋਜ਼ ਦਾ ਮੁੱਲ 400 ਰੁਪਏ ਤੇ ਨਿੱਜੀ ਹਸਪਤਾਲਾਂ ਲਈ 600 ਰੁਪਏ ਮਿੱਥਿਆ ਸੀ। ਹਾਲਾਂਕਿ ਇਹ ਦੋਵੇਂ ਵੈਕਸੀਨਾਂ ਕੇਂਦਰ ਸਰਕਾਰ ਨੂੰ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਉਪਲਬਧ ਕਰਵਾਈਆਂ ਗਈਆਂ ਹਨ। ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ, ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਵੈਕਸੀਨਾਂ ਦੀਆਂ ਵੱਖੋ ਵੱਖਰੀਆਂ ਕੀਮਤਾਂ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਸੀ ਕਿ ਇਹ ਮੁਨਾਫ਼ਾ ਕਮਾਉਣ ਦਾ ਸਮਾਂ ਨਹੀਂ ਹੈ। ਉਨ੍ਹਾਂ ‘ਇਕ ਦੇਸ਼ ਇਕ ਕੀਮਤ’ ਦੀ ਮੰਗ ਕੀਤੀ ਸੀ। -ਪੀਟੀਆਈ