ਨਵੀਂ ਦਿੱਲੀ, 25 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਦੀ ਗੱਲਬਾਤ ’ਚ ਪੈ ਰਹੇ ਅੜਿੱਕੇ ਲਈ ਆਪਣੇ ਸਿਆਸੀ ਸ਼ਰੀਕਾਂ ਨੂੰ ਵੀ ਬਰਾਬਰ ਦਾ ਦੋਸ਼ੀ ਦੱਸਦਿਆਂ ਕਿਹਾ ਕਿ ਉਹ ਆਪਣੇ ਸਿਆਸੀ ਏਜੰਡੇ ਦੀ ਪੂਰਤੀ ਲਈ ਕਿਸਾਨ ਅੰਦੋਲਨ ਦੀ ਦੁਰਵਰਤੋਂ ਕਰ ਰਹੇ ਹਨ। ਤਿੰਨ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਢੰਗ ਨਾਲ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਲੋਕਾਂ ਨਾਲ ਵੀ ਗੱਲਬਾਤ ਲਈ ਤਿਆਰ ਹੈ ਜੋ ਵੱਖਰੀ ਵਿਚਾਰਧਾਰਾ ਕਾਰਨ ਸਰਕਾਰ ਖ਼ਿਲਾਫ਼ ਹਨ ਪਰ ਇਹ ਗੱਲਬਾਤ ‘ਤਰਕਸੰਗਤ, ਤੱਥਾਂ ਅਤੇ ਮੁੱਦਿਆਂ’ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਦੇਸ਼ ਦੇ ਕਰੀਬ 9 ਕਰੋੜ ਕਿਸਾਨਾਂ ਨੂੰ 18 ਹਜ਼ਾਰ ਕਰੋੜ (2-2 ਹਜ਼ਾਰ ਰੁਪਏ ਦੀ ਕਿਸ਼ਤ) ਟਰਾਂਸਫਰ ਕਰਨ ਮਗਰੋਂ ਆਪਣੇ ਸੰਬੋਧਨ ਦੌਰਾਨ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਲੈ ਕੇ ਫਿਕਰਮੰਦੀ ਦੀ ਥਾਂ ’ਤੇ ਮੁਲਜ਼ਮਾਂ ਦੀ ਰਿਹਾਈ ਅਤੇ ਰਾਜਮਾਰਗਾਂ ਨੂੰ ਟੌਲ ਮੁਕਤ ਬਣਾਉਣ ਜਿਹੇ ‘ਗ਼ੈਰਵਾਜਬ’ ਮੁੱਦੇ ਹਾਵੀ ਹੋਣ ਲੱਗ ਪਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵੱਡੀ ਗਿਣਤੀ ’ਚ ਮੁਲਕ ਦੇ ਕਿਸਾਨਾਂ ਨੇ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦਾ ਸਵਾਗਤ ਕੀਤਾ ਹੈ ਅਤੇ ਉਹ ਇਸ ਦੇ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ’ਚ ਹਾਰਨ ਵਾਲੀਆਂ ਪਾਰਟੀਆਂ ਹੁਣ ਸੈਲਫੀਆਂ ਲਈ ਵਿਰੋਧ ਜਤਾ ਰਹੀਆਂ ਹਨ ਅਤੇ ਪ੍ਰਚਾਰ ਲਈ ਉਹ ਟੀਵੀ ’ਤੇ ਦਿਖ ਰਹੇ ਹਨ। ਉਨ੍ਹਾਂ ਕਿਹਾ,‘‘ਸਾਡੇ ਫ਼ੈਸਲੇ ਨੂੰ ਦਲੀਲਾਂ ਅਤੇ ਤੱਥਾਂ ’ਤੇ ਪਰਖਿਆ ਜਾ ਸਕਦਾ ਹੈ। ਜੇਕਰ ਕੋਈ ਘਾਟ ਹੈ ਤਾਂ ਉਸ ਨੂੰ ਉਭਾਰਿਆ ਜਾਣਾ ਚਾਹੀਦਾ ਹੈ। ਇਹ ਲੋਕਤੰਤਰ ਹੈ। ਅਸੀਂ ਦਾਅਵਾ ਨਹੀਂ ਕਰ ਰਹੇ ਕਿ ਰੱਬ ਨੇ ਸਾਨੂੰ ਸਾਰੀ ਅਕਲਮੰਦੀ ਦੇ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ 80 ਫ਼ੀਸਦੀ ਤੋਂ ਜ਼ਿਆਦਾ ਗਰੀਬ ਕਿਸਾਨ ਹਨ ਅਤੇ ਉਨ੍ਹਾਂ ਲਈ ਖੇਤੀ ਸੁਧਾਰ ਕੀਤੇ ਗਏ ਹਨ ਕਿਉਂਕਿ ਪਹਿਲੀਆਂ ਸਰਕਾਰਾਂ ਸਮੇਂ ਉਹ ਹੋਰ ਗਰੀਬ ਹੁੰਦੇ ਚਲੇ ਗਏ ਸਨ। ਉਨ੍ਹਾਂ ਦਲੀਲ ਦਿੱਤੀ ਕਿ ਅਸਾਮ, ਰਾਜਸਥਾਨ ਅਤੇ ਜੰਮੂ ਕਸ਼ਮੀਰ ਸਮੇਤ ਹੋਰ ਸੂਬਿਆਂ ’ਚ ਹੋਈਆਂ ਸਥਾਨਕ ਚੋਣਾਂ ’ਚ ਭਾਜਪਾ ਨੂੰ ਜਿੱਤ ਮਿਲੀ ਅਤੇ ਇਨ੍ਹਾਂ ਚੋਣਾਂ ’ਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਕਿਸਾਨ ਸਨ। ਆਪਣੇ ’ਤੇ ਕੁਝ ਆਗੂਆਂ ਵੱਲੋਂ ਕੀਤੇ ਗਏ ਤਿੱਖੇ ਹਮਲਿਆਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੁਝ ਸਿਆਸਤਦਾਨਾਂ ਨੂੰ ਲੋਕਤੰਤਰ ’ਚ ਵਿਸ਼ਵਾਸ ਨਹੀਂ ਹੈ ਅਤੇ ਉਹ ਅਜਿਹੀ ਸ਼ਬਦਾਵਲੀ ਵਰਤਦੇ ਹਨ ਜਿਸ ਨੂੰ ਸਾਂਝਾ ਵੀ ਨਹੀਂ ਕੀਤਾ ਜਾ ਸਕਦਾ ਹੈ ਪਰ ਉਹ ਇਸ ਨੂੰ ਸਹਿਣ ਕਰਦੇ ਹਨ। ਉਨ੍ਹਾਂ ਖੱਬੇ-ਪੱਖੀ ਜਥੇਬੰਦੀਆਂ ਨੂੰ ਵੀ ਕਰਾਰੇ ਹੱਥੀਂ ਲਿਆ ਅਤੇ ਕਿਹਾ,‘‘ਜਿਹੜੇ ਕੇਰਲਾ ’ਚ ਵਰ੍ਹਿਆਂ ਤੋਂ ਹਕੂਮਤ ਚਲਾ ਰਹੇ ਹਨ, ਉਹ ਸੈਲਫ਼ੀਆਂ ਅਤੇ ਪ੍ਰਚਾਰ ਲਈ ਪੰਜਾਬ ਦੇ ਕਿਸਾਨਾਂ ਨਾਲ ਰਲੇ ਹੋਏ ਹਨ ਪਰ ਉਨ੍ਹਾਂ ਆਪਣੇ ਸੂਬੇ ’ਚ ਮੰਡੀ ਪ੍ਰਣਾਲੀ ਲਈ ਕੁਝ ਨਹੀਂ ਕੀਤਾ।’’ ਉਨ੍ਹਾਂ ਦਾਅਵਾ ਕੀਤਾ ਕਿ ਕਈ ਆਗੂਆਂ ਨੇ ਆਪਣੀ ਵਿਚਾਰਧਾਰਾ ਚਮਕਾਉਣ ਲਈ ਅੰਦੋਲਨ ਦੀ ਵਰਤੋਂ ਕੀਤੀ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਸ ਦੀ ਸਰਕਾਰ ਨੇ ਸੂਬੇ ਨੂੰ ਤਬਾਹ ਕਰਕੇ ਰੱਖ ਦਿੱਤਾ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਪੈਸਾ 70 ਲੱਖ ਕਿਸਾਨਾਂ ਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਹਜ਼ਾਰ ਤੋਂ ਵੱਧ ਮੰਡੀਆਂ ਨੂੰ ਆਨਲਾਈਨ ਇਕ-ਦੂਜੇ ਨਾਲ ਜੋੜਿਆ ਹੈ ਅਤੇ ਇਨ੍ਹਾਂ ਮੰਡੀਆਂ ’ਚ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਪਹਿਲਾਂ ਹੀ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ ਪੈਸੇ ਟਰਾਂਸਫਰ ਕਰਨ ਦੀ ਸ੍ਰੀ ਮੋਦੀ ਨੇ ਬਟਨ ਦਬਾ ਕੇ ਸ਼ੁਰੂਆਤ ਕੀਤੀ। ਭਾਜਪਾ ਵੱਲੋਂ ਕਿਸਾਨਾਂ ਤੱਕ ਪਹੁੰਚ ਲਈ 19 ਹਜ਼ਾਰ ਤੋਂ ਵੱਧ ਥਾਵਾਂ ’ਤੇ ਪ੍ਰੋਗਰਾਮ ਕੀਤੇ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੁਝ ਰਾਜਾਂ ਦੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
-ਪੀਟੀਆਈ