ਨਵੀਂ ਦਿੱਲੀ, 18 ਮਈ
‘ਗੂਗਲ’ ਨੇ ਅੱਜ ਐਲਾਨ ਕੀਤਾ ਹੈ ਕਿ ਉਸ ਵੱਲੋਂ ਭਾਰਤ ਵਿਚ 30 ਖ਼ਬਰ ਪ੍ਰਕਾਸ਼ਕਾਂ ਨਾਲ ਮਿਲ ਕੇ ‘ਨਿਊਜ਼ ਸ਼ੋਅਕੇਸ’ ਲਾਂਚ ਕੀਤਾ ਗਿਆ ਹੈ। ਇਸ ਵਿਚ ਕੌਮੀ, ਖੇਤਰੀ ਤੇ ਸਥਾਨਕ ਇਲੈਕਟ੍ਰੌਨਿਕ ਤੇ ਪ੍ਰਿੰਟ ਮੀਡੀਆ ਅਦਾਰੇ ਸ਼ਾਮਲ ਹਨ। ‘ਦਿ ਟ੍ਰਿਬਿਊਨ’ ਵੀ ਇਨ੍ਹਾਂ ਅਦਾਰਿਆਂ ਵਿਚ ਸ਼ਾਮਲ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਉਪਰਾਲੇ ਦਾ ਮੰਤਵ ਖ਼ਬਰ ਅਦਾਰਿਆਂ/ਪ੍ਰਕਾਸ਼ਕਾਂ ਤੇ ਪਾਠਕਾਂ ਦੀ ਮਦਦ ਕਰਨਾ ਹੈ ਤਾਂ ਕਿ ਮੁਲਕ ਵਿਚਲੇ ਗੂਗਲ ਦੇ ਨਿਊਜ਼ ਤੇ ਡਿਸਕਵਰੀ ਪਲੈਟਫਾਰਮ ਉਤੇ ਉੱਚ ਗੁਣਵੱਤਾ ਵਾਲੀ ਸਮੱਗਰੀ ਮੁਹੱਈਆ ਹੋ ਸਕੇ। ‘ਗੂਗਲ’ ਨੇ ‘ਨਿਊਜ਼ ਸ਼ੋਅਕੇਸ’ ਬਾਰੇ ਕਈ ਮੁਲਕਾਂ ਵਿਚ 700 ਮੀਡੀਆ ਅਦਾਰਿਆਂ ਨਾਲ ਸਮਝੌਤਾ ਕੀਤਾ ਹੋਇਆ ਹੈ। ਪ੍ਰਕਾਸ਼ਕਾਂ ਦੀ ਸਮੱਗਰੀ ਜੋ ਕਿ ਅੰਗਰੇਜ਼ੀ ਤੇ ਹਿੰਦੀ ਵਿਚ ਹੋਵੇਗੀ, ਗੂਗਲ ਨਿਊਜ਼ ’ਚ ਅਤੇ ਡਿਸਕਵਰ ਉਤੇ ‘ਨਿਊਜ਼ ਸ਼ੋਅਕੇਸ’ ਪੈਨਲ ਵਿਚ ਨਜ਼ਰ ਆਉਣੀ ਸ਼ੁਰੂ ਹੋ ਜਾਵੇਗੀ। -ਆਈਏਐਨਐੱਸ