ਨਵੀਂ ਦਿੱਲੀ: ਗੂਗਲ ਇੰਡੀਆ ਦੀ ਸਰਕਾਰੀ ਮਾਮਲਿਆਂ ਤੇ ਜਨਤਕ ਨੀਤੀ ਬਾਰੇ ਮੁਖੀ ਅਰਚਨਾ ਗੁਲਾਟੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਸਰਕਾਰੀ ਸੇਵਾ ਛੱਡਣ ਤੋਂ ਬਾਅਦ ਸਿਰਫ਼ ਪੰਜ ਮਹੀਨੇ ਪਹਿਲਾਂ ਗੂਗਲ ਨਾਲ ਜੁੜੀ ਸੀ। ਅਰਥਸ਼ਾਸਤਰ ਦੀ ਗਰੈਜੂਏਟ ਤੇ ਆਈਆਈਟੀ ਦਿੱਲੀ ਤੋਂ ਪੀਐੱਚਡੀ ਗੁਲਾਟੀ ਇਸ ਤੋਂ ਪਹਿਲਾਂ ਨੀਤੀ ਆਯੋਗ ’ਚ ਸੰਯੁਕਤ ਸਕੱਤਰ (ਡਿਜੀਟਲ ਸੰਚਾਰ) ਸੀ। ਨੀਤੀ ਆਯੋਗ ਕੇਂਦਰ ਸਰਕਾਰ ਨੂੰ ਨੀਤੀਆਂ ’ਤੇ ਸਲਾਹ ਦਿੰਦਾ ਹੈ। ਗੁਲਾਟੀ ਵੱਲੋਂ ਗੂਗਲ ਇੰਡੀਆ ਤੋਂ ਅਸਤੀਫਾ ਦੇਣ ਸਬੰਧੀ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਇਸ ਬਾਰੇ ਸੰਪਰਕ ਕਰਨ ’ਤੇ ਗੁਲਾਟੀ ਤੇ ਗੂਗਲ ਦੋਵਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਗੂਗਲ ਤੋਂ ਅਸਤੀਫਾ ਕਿਉਂ ਦਿੱਤਾ। ਗੁਲਾਟੀ ਵੱਲੋਂ ਅਸਤੀਫਾ ਅਜਿਹੇ ਸਮੇਂ ਦਿੱਤਾ ਗਿਆ ਹੈ ਜਦੋਂ ਗੂਗਲ ਭਾਰਤ ’ਚ ਕਈ ਮਾਮਲਿਆਂ ਅਤੇ ਸਖ਼ਤ ਤਕਨੀਕੀ ਨਿਯਮਾਂ ਦਾ ਸਾਹਮਣਾ ਕਰ ਰਿਹਾ ਹੈ। -ਪੀਟੀਆਈ