ਅਜੈ ਬੈਨਰਜੀ
ਨਵੀਂ ਦਿੱਲੀ, 15 ਸਤੰਬਰ
ਭਵਿੱਖ ਵਿੱਚ ਜੰਗ ਲੜਨ ਦੇ ਤਰੀਕਿਆਂ ਵਿੱਚ ਤਬਦੀਲੀ ਦਾ ਜ਼ਿਕਰ ਕਰਦਿਆਂ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਲੜਾਈ ਵਿੱਚ ਤਕਨੀਕ ਦੀ ਵਰਤੋਂ ’ਚ ਮੁਹਾਰਤ ਹਾਸਲ ਕਰਨੀ ਪਵੇਗੀ। ਟੈਂਕਾਂ ਤੇ ਤੋਪਾਂ ਰਾਹੀਂ ਸਾਹਮਣਿਓਂ ਹਮਲਾ ਕਰਨ ਦੇ ਦਿਨ ਚਲੇ ਗਏ ਹਨ, ਹੁਣ ਦੁਸ਼ਮਣ ਹਮਲੇ ਦੇ ਪਹਿਲੇ ਬਦਲ ਵਜੋਂ ਸੰਭਵ ਤੌਰ ’ਤੇ ਅਸਮਾਨ ਵਿੱਚ ਪਤਾ ਲਾ ਕੇ ਨਿਸ਼ਾਨਾ ਸੇਧਣ ਵਾਲੀ ਤਕਨੀਕ ਦੀ ਮਦਦ ਨਾਲ ਲੰਬੀ ਦੂਰੀ ਤੱਕ ਮਾਰਨ ਕਰਨ ਦੀ ਸਮਰੱਥਾ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਕਰੇਗਾ। ਜਨਰਲ ਰਾਵਤ ਅੱਜ ਸ਼ਾਮ ਇੰਡੀਆ ਇੰਟਰਨੈਸ਼ਨਲ ਸੈਂਟਰ ਵੱਲੋਂ ‘ਟੁਵਾਰਡਜ਼ ਪ੍ਰੋਗਰੈਸਿਵ ਡਿਫੈਂਸ ਰਿਫਾਰਮਜ਼’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਵਿੱਚ ਸੰਬੋਧਨ ਕਰ ਰਹੇ ਸਨ। ਇੰਡੀਆ ਇੰਟਰਨੈਸ਼ਨਲ ਦੇ ਮੁਖੀ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ. ਵੋਹਰਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਜਨਰਲ ਰਾਵਤ ਨੇ ਤਕਨੀਕ ਦੀ ਵਰਤੋਂ ਸਬੰਧੀ ਕਿਹਾ ਕਿ ਪੁਲਾੜ ਅਧਾਰਤ ਪ੍ਰਣਾਲੀ ਅਤੇ ਮਨਸੂਈ ਖੁਫ਼ੀਆ ਇੰਜਣਾਂ ਲਈ ਵੱਡੀਆਂ ਸੰਭਾਵਨਾਵਾਂ ਹਨ। ਜਨਰਲ ਰਾਵਤ ਨੇ ਕਿਹਾ ਕਿ ਚੀਨ ਹੁਣ ਜ਼ਿਆਦਾ ਹਮਲਾਵਰ ਹੋ ਗਿਆ ਹੈ। ਪਾਕਿਸਤਾਨ ਸਾਨੂੰ ਅਸਿੱਧੀ ਜੰਗ ’ਚ ਉਲਝਾਈ ਰੱਖੇਗਾ ਅਤੇ ਖ਼ੁਦ ਉਹ ਚੀਨ ਦਾ ਨੁਮਾਇੰਦਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਥੀਏਟਰ ਕਮਾਂਡ ਦੇ ਮੁਖੀ, ਸੀਡੀਐੱਸ ਨੂੰ ਰਿਪੋਰਟ ਕਰਨਗੇ ਜਦਕਿ ਤਿੰਨੋਂ ਸੈਨਾਵਾਂ ਦੇ ਮੁਖੀ ਜੰਗ ਦੀ ਰਣਨੀਤੀ ਦਾ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਸਾਬਕਾ ਰੱਖਿਆ ਤੇ ਗ੍ਰਹਿ ਸਕੱਤਰ ਐੱਨ.ਐੱਨ. ਵੋਹਰਾ ਨੇ ਦੇਸ਼ ਦੀ ਸੁਰੱਖਿਆ ਨੂੰ ਵਧਦੇ ਖ਼ਤਰਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸੈਨਾ ਹਮਲਾਵਰ ਨੂੰ ‘ਮੁੱਕਾ’ ਜੜ੍ਹਨ ਵਿੱਚ ਸਫ਼ਲ ਰਹੀ ਹੈ ਅਤੇ ਇਸ ਵਾਸਤੇ ਤਿੰਨੋਂ ਸੈਨਾਵਾਂ ਦਾ ਏਕੀਕਰਨ ਜ਼ਰੂਰੀ ਹੈ।