ਮੰਗਲੁਰੂ, 12 ਅਗਸਤ
ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਮੰਗਲੁਰੂ ਕੌਮਾਂਤਰੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੀ ਉਡਾਣ ਰਾਹੀਂ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 831 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਕਸਟਮ ਵਿਭਾਗ ਨੇ ਇੱਕ ਬਿਆਨ ’ਚ ਕਿਹਾ ਕਿ ਕੇਰਲਾ ਦੇ ਕਾਸਰਗੋਡ ਦਾ ਰਹਿਣ ਵਾਲਾ ਯਾਤਰੀ ਪੇਸਟ ਦੇ ਰੂਪ ਵਿੱਚ ਸੋਨਾ ਲੈ ਕੇ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਯਾਤਰੀ ਨੇ ਸੋਨੇ ਨੂੰ ਇੱਕ ਬੈਗ ਵਿੱਚ ਬੰਨ੍ਹ ਕੇ ਆਪਣੇ ਕੱਪੜਿਆਂ ’ਚ ਲੁਕਾ ਲਿਆ ਸੀ। ਜ਼ਬਤ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ ਲਗਭਗ 43.29 ਲੱਖ ਰੁਪਏ ਦੱਸੀ ਗਈ ਹੈ। ਵੀਰਵਾਰ ਨੂੰ ਇੱਕ ਹੋਰ ਕਾਰਵਾਈ ਵਿੱਚ, ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਭਟਕਲ ਦੇ ਰਹਿਣ ਵਾਲੇ ਇੱਕ ਯਾਤਰੀ ਤੋਂ 5,97,040 ਰੁਪਏ ਦੀ ਭਾਰਤੀ ਕਰੰਸੀ ਦੇ ਬਰਾਬਰ ਮਿਸ਼ਰਤ ਵਿਦੇਸ਼ੀ ਕਰੰਸੀ ਜ਼ਬਤ ਕੀਤੀ। ਇਹ ਯਾਤਰੀ ਸਪਾਈਸਜੈੱਟ ਦੇ ਜਹਾਜ਼ ਰਾਹੀਂ ਦੁਬਈ ਜਾਣ ਵਾਲਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਨੇ ਆਪਣੇ ਹੈਂਡਬੈਗ ਵਿੱਚ ਕਰੰਸੀ ਲੁਕਾਈ ਹੋਈ ਸੀ। -ਪੀਟੀਆਈ