ਜਲਨਾ, 30 ਜਨਵਰੀ
ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਅੱਜ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਰਾਸ਼ਟਰ ਪਿਤਾ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ, ਜਦਕਿ ਉਨ੍ਹਾਂ ਦੇ ਕਾਤਲ ਨਾਥੂਰਾਮ ਗੋਡਸੇ ਦੀ ਵਿਚਾਰਧਾਰਾ ਭਾਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੀ ਹੈ ਤੇ ਦੂਜੇ ਪਾਸੇ ‘ਨਫ਼ਰਤ ਦਾ ਜ਼ਹਿਰ’ ਮੁਲਕ ਵਿਚ ਫ਼ੈਲ ਰਿਹਾ ਹੈ। ਇਕ ਆਨਲਾਈਨ ਪ੍ਰੋਗਰਾਮ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਇਕ ਵਰਗ ਇਤਿਹਾਸ ਨਾਲ ਛੇੜਛਾੜ ਕਰ ਰਿਹਾ ਹੈ ਤੇ ਇਸ ਨੂੰ ਆਪਣੇ ਹਿਸਾਬ ਨਾਲ ਲਿਖ ਰਿਹਾ ਹੈ। ਪਰ ਸਾਨੂੰ ਅਸਲ ਇਤਿਹਾਸ ਮੁੜ ਲਿਆਉਣਾ ਪਵੇਗਾ। ਸਮਾਜ ਵਿਚ ਨਫ਼ਰਤ ਤੇ ਵੰਡ ਖ਼ਿਲਾਫ਼ ਆਵਾਜ਼ ਚੁੱਕਣੀ ਪਵੇਗੀ। -ਪੀਟੀਆਈ