ਨਵੀਂ ਦਿੱਲੀ, 25 ਸਤੰਬਰ
ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਅੱਜ ਕਿਹਾ ਕਿ ਸਰਕਾਰ ਦੀ ਪ੍ਰਮੁੱਖ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ-ਜਨ ਅਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈ) ਤਹਿਤ ਰੋਜ਼ਾਨਾ ਦਸ ਲੱਖ ਆਯੂਸ਼ਮਾਨ ਭਾਰਤ ਕਾਰਡ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਹਸਪਤਾਲਾਂ ਵਿੱਚ ਹੁਣ ਤੱਕ 3.95 ਕਰੋੜ ਲੋਕ ਹਸਪਤਾਲਾਂ ਵਿੱਚ 45,294 ਕਰੋੜ ਰੁਪਏ ਦਾ ਇਲਾਜ ਕਰਵਾ ਚੁੱਕੇ ਹਨ। ਉਹ ‘ਅਰੋਗਿਆ ਮੰਥਨ 2022’ ਪ੍ਰੋਗਰਾਮ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਏਬੀ ਪੀਐੱਮ-ਜੇਏਵਾਈ ਯੋਜਨਾ ਦੇ ਲਾਗੂ ਹੋਣ ਦੇ ਚਾਰ ਸਾਲ ਅਤੇ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਲਾਗੂ ਹੋਣ ਦਾ ਇੱਕ ਸਾਲ ਮੁਕੰਮਲ ਹੋਣ ਸਬੰਧੀ ਕਰਵਾਇਆ ਗਿਆ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਮੇਂ 19 ਕਰੋੜ ਲਾਭਪਾਤਰੀਆਂ ਕੋਲ ਆਯੂਸ਼ਮਾਨ ਭਾਰਤ ਕਾਰਡ ਹਨ। ਮਾਂਡਵੀਆ ਨੇ ਕਿਹਾ, ‘‘ਸ਼ੁਰੂ ਵਿੱਚ ਰੋਜ਼ਾਨਾ ਇੱਕ ਤੋਂ ਡੇਢ ਲੱਖ ਕਾਰਡ ਬਣਦੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਚਾਰ-ਪੰਜ ਲੱਖ ਰੋਜ਼ਾਨਾ ਹੋ ਗਈ ਹੈ। ਮੇਰਾ ਟੀਚਾ ਰੋਜ਼ਾਨਾ ਦਸ ਲੱਖ ਕਾਰਡ ਬਣਾਉਣ ਦਾ ਹੈ।’’ -ਪੀਟੀਆਈ