ਪਣਜੀ: ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਕਥਿਤ ਹੱਤਿਆ ਦੇ ਸਬੰਧ ਵਿੱਚ ਇਕ ‘ਗੁਪਤ ਰਿਪੋਰਟ’ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਮਾਮਲੇ ਦੀ ਜਾਂਚ ਐੱਸ.ਪੀ. ਪੱਧਰ ਦਾ ਅਧਿਕਾਰੀ ਕਰੇਗਾ। ਸ੍ਰੀ ਸਾਵੰਤ ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਗੋਆ ਪੁਲੀਸ ਦੀ ਇਕ ਟੀਮ ਕੁਝ ਲੋਕਾਂ ਦੇ ਬਿਆਨ ਦਰਜ ਕਰਨ ਲਈ ਹਰਿਆਣਾ ਰਵਾਨਾ ਹੋਵੇਗੀ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਨਾਲ ਸਬੰਧਤ ਸਾਬਕਾ ਟਿਕ-ਟਾਕ ਸਟਾਰ ਅਤੇ ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ ਦੀ ਪ੍ਰਤੀਯੋਗੀ ਰਹਿ ਚੁੱਕੀ ਫੋਗਾਟ (43) ਦੀ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਗੋਆ ਵਿੱਚ ਭੇਤਭਰੀ ਮੌਤ ਹੋ ਗਈ ਸੀ। ਉਹ ਮੌਤ ਤੋਂ ਦੋ ਦਿਨ ਪਹਿਲਾਂ ਆਪਣੇ ਦੋ ਪੁਰਸ਼ ਸਾਥੀਆਂ ਦੇ ਨਾਲ ਗੋਆ ਪਹੁੰਚੀ ਸੀ। ਗੋਆ ਪੁਲੀਸ ਨੇ ਫੋਗਾਟ ਦੀ ਕਥਿਤ ਹੱਤਿਆ ਦੇ ਸਬੰਧ ਵਿੱਚ ਹੁਣ ਤੱਕ ਉਸ ਦੇ ਸਹਿਯੋਗੀਆਂ ਸਣੇ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਵੰਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੁਣ ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਜਾਵੇਗੀ। -ਪੀਟੀਆਈ