ਪਣਜੀ, 23 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਗਲੇ ਸਾਲ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਲਈ ਚੋਣ ਬਿਗਲ ਵਜਾ ਦਿੱਤਾ ਹੈ। ਉਨ੍ਹਾਂ ਗੋਆ ਨੂੰ ਵਿਕਾਸ ਦਾ ਨਵਾਂ ਮਾਡਲ ਕਰਾਰ ਦਿੰਦਿਆਂ ਸੂਬਾ ਸਰਕਾਰ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸੂਬੇ ਨੂੰ ਆਤਮਨਿਰਭਰ ਬਣਾਉਣ ਲਈ ਦੁਬਾਰਾ ਤੋਂ ਡਬਲ ਇੰਜਣ ਵਰਗੇ ਵਿਕਾਸ ਦੀ ਲੋੜ ਹੈ। ਉਨ੍ਹਾਂ ਦਾ ਡਬਲ ਇੰਜਣ ਦਾ ਇਸ਼ਾਰਾ ਕੇਂਦਰ ਵਿਚ ਭਾਜਪਾ ਤੇ ਗੋਆ ਵਿਚ ਵੀ ਭਾਜਪਾ ਸਰਕਾਰ ਬਣਾਉਣ ਵੱਲ ਸੀ। ਦੱਸਣਾ ਬਣਦਾ ਹੈ ਕਿ ਗੋਆ ਵਿਚ ਅਗਲੇ ਸਾਲ ਫਰਵਰੀ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਇਥੇ ਸੱਤਾ ਵਿਚ ਬਣੇ ਰਹਿਣ ਲਈ ਭਾਜਪਾ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਵੀ ਚੋਣ ਲੜਨ ਲਈ ਤਿਆਰ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਐਲਾਨ ਕੀਤਾ ਹੈ ਕਿ ਉਹ 28 ਅਕਤੂਬਰ ਨੂੰ ਗੋਆ ਦਾ ਦੌਰਾ ਕਰੇਗੀ। ਉਨ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਾਜਪਾ ਸਰਕਾਰ ਨੂੰ ਹਰਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਆਤਮਨਿਰਭਰ ਭਾਰਤ ਸਵੈਮਪੂਰਨ ਗੋਆ ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਵੈਮਪੂਰਨ ਗੋਆ ਦਾ ਮਤਲਬ ਹੈ ਕਿ ਇਥੇ ਹਰ ਆਮ ਆਦਮੀ ਦੀਆਂ ਇੱਛਾਵਾਂ ਪੂਰੀਆਂ ਹੋਣ ਤੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ, ਇਥੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਵੈ ਨਿਰਭਰ ਬਣਨ ਦੇ ਮੌਕੇ ਮਿਲਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੰਜ ਮਹੀਨੇ ਜਾਂ ਪੰਜ ਸਾਲਾਂ ਦਾ ਪ੍ਰੋਗਰਾਮ ਨਹੀਂ ਹੈ, ਇਹ ਅਗਲੇ 25 ਸਾਲਾਂ ਦੀ ਰੂਪ-ਰੇਖਾ ਹੈ ਜਿਸ ਦਾ ਇਹ ਪਹਿਲਾ ਪੜਾਅ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਗੋਆ ਦੇ ਹਰ ਵਾਸੀ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਪਵੇਗਾ। ਇਸ ਕਰ ਕੇ ਗੋਆ ਨੂੰ ਡਬਲ ਇੰਜਣ ਵਰਗਾ ਵਿਕਾਸ ਨਿਰੰਤਰ ਬਣਾਈ ਰੱਖਣ ਦੀ ਲੋੜ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। -ਪੀਟੀਆਈ