ਪਣਜੀ, 11 ਮਾਰਚ
ਮਰਚੈਂਟ ਨੇਵੀ ਅਫ਼ਸਰ ਤੋਂ ਸਿਆਸਤਦਾਨ ਬਣੇ ਕੈਪਟਨ ਵੈਂਜ਼ੀ ਵਾਇਗਾਸ ਨੇ ਗੋਆ ਦੇ ਸਾਬਕਾ ਮੁੱਖ ਮੰਤਰੀ ਚਰਚਿਲ ਅਲੇਮਾਓ ਨੂੰ ਵਿਧਾਨ ਸਭਾ ਚੋਣਾਂ ’ਚ ਧੂੜ ਚਟਾਈ ਹੈ। ਵਾਇਗਾਸ ਵਰਗੇ ਕਈ ਆਗੂ ਹਨ ਜਿਨ੍ਹਾਂ ਸਾਹਿਲੀ ਸੂਬੇ ’ਚ ਮਹਾਰਥੀਆਂ ਨੂੰ ਮਾਤ ਦਿੱਤੀ ਹੈ।
ਗੋਆ ’ਚ ਭਾਜਪਾ 40 ’ਚੋਂ 20 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਅਲੇਮਾਓ ਨੇ ਬੇਨੌਲਿਮ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਪਰ ਕੈਪਟਨ ਵਾਇਗਾਸ, ਜਿਸ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ’ਚ ਉਤਾਰਿਆ ਸੀ, ਨੇ ਉਸ ਨੂੰ 1,271 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਵਾਇਗਾਸ ਨੇ ਕਿਹਾ,‘‘ਮੇਰੀ ਜਿੱਤ ਯਕੀਨੀ ਸੀ ਕਿਉਂਕਿ ਮੇਰੇ ਹਲਕੇ ਦੇ ਲੋਕ ਪਾਰਟੀ ਅਤੇ ਉਸ ਦੀਆਂ ਨੀਤੀਆਂ ਦੇ ਨਾਲ ਖੜ੍ਹੇ ਸਨ। ਅਸੀਂ ਭ੍ਰਿਸ਼ਟਾਚਾਰ ਵਿਰੋਧੀ ਨਾਅਰਾ ਦੇ ਕੇ ਚੋਣ ਲੜੀ ਸੀ।’’ ਉਪ ਮੁੱਖ ਮੰਤਰੀ ਚੰਦਰਕਾਂਤ ਕਾਵਲੇਕਰ ਨੂੰ ਕਾਰੋਬਾਰੀ ਤੋਂ ਸਿਆਸਤਦਾਨ ਬਣੇ ਅਲਟੋਨੇ ਡੀਕੋਸਟਾ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ। ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲੇ ਡੀਕੋਸਟਾ ਨੇ ਕਾਵਲੇਕਰ ਨੂੰ 3,601 ਵੋਟਾਂ ਦੇ ਫਰਕ ਨਾਲ ਹਰਾਇਆ।
ਕਾਵਲੇਕਰ 2019 ’ਚ 9 ਹੋਰ ਵਿਧਾਇਕਾਂ ਨਾਲ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਡਾਕਟਰ ਤੋਂ ਸਿਆਸਤਦਾਨ ਬਣੇ ਚੰਦਰਕਾਂਤ ਸ਼ੈੱਟੀ ਨੇ ਭਾਜਪਾ ਉਮੀਦਵਾਰ ਅਤੇ ਵਿਧਾਨ ਸਭਾ ਸਪੀਕਰ ਰਾਜੇਸ਼ ਪਟਨੇਕਰ ਦੀ ਇਕ ਨਾ ਚੱਲਣ ਦਿੱਤੀ ਅਤੇ ਉਸ ਨੂੰ ਤੀਜੇ ਨੰਬਰ ’ਤੇ ਰਹਿਣ ਲਈ ਮਜਬੂਰ ਕਰ ਦਿੱਤਾ। ਰੈਵੋਲਿਊਸ਼ਨਰੀ ਗੋਅਨਜ਼ ਪਾਰਟੀ ਦੇ ਉਮੀਦਵਾਰ ਵੀਰੇਸ਼ ਬੋਰਕਾਰ ਨੇ ਭਾਜਪਾ ਉਮੀਦਵਾਰ ਫਰਾਂਸਿਸ ਸਿਲਵੇਰਾ ਨੂੰ ਹਰਾਇਆ। ਬੋਰਕਾਰ, ਜੋ ਮੋਬਾਈਲ ਫੋਨ ਦੀ ਦੁਕਾਨ ’ਤੇ ਕੰਮ ਕਰਦਾ ਹੈ, ਨੇ ਸਿਲਵੇਰਾ ਨੂੰ ਮਹਿਜ਼ 76 ਵੋਟਾਂ ਨਾਲ ਮਾਤ ਦਿੱਤੀ। ਭਾਜਪਾ ਦੇ ਉਲਹਾਸ ਟਿਊਨਕਰ ਨੇ ਨੇਵਲਿਮ ਤੋਂ ਜਿੱਤ ਦਰਜ ਕੀਤੀ ਹੈ। ਗੋਆ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਨੇ ਕੈਥੋਲਿਕ ਪ੍ਰਭਾਵਿਤ ਨੇਵਲਿਮ ਹਲਕੇ ਤੋਂ ਚੋਣ ਜਿੱਤੀ ਹੈ। -ਪੀਟੀਆਈ