ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਟਵਿੱਟਰ ਦੀ ਉਸ ਪਟੀਸ਼ਨ ’ਤੇ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੇ ਅਦਾਲਤ ਦੇ ਇੱਕ ਪੁਰਾਣੇ ਹੁਕਮ ਬਾਰੇ ਕੁੱਝ ਸਪਸ਼ਟੀਕਰਨ ਮੰਗਿਆ ਹੈ। ਅਦਾਲਤ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਭਾਜਪਾ ਆਗੂ ਇਰਾਨੀ ਅਤੇ ਉਨ੍ਹਾਂ ਦੀ ਧੀ ਖ਼ਿਲਾਫ਼ ਇਤਰਾਜ਼ਯੋਗ ਸਮੱਗਰੀ ਵਾਲੇ ਵੈੱਬ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਮਿਨੀ ਪੁਸ਼ਕਰਨਾ ਨੇ ਟਵਿੱਟਰ ਦੀ ਉਸ ਪਟੀਸ਼ਨ ’ਤੇ ਇਰਾਨੀ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਸ ਨੇ ਅਦਾਲਤ ਦੇ 29 ਜੁਲਾਈ ਦੇ ਆਦੇਸ਼ ਦੇ ਸਬੰਧ ਵਿੱਚ ਸਪੱਸ਼ਟੀਕਰਨ ਮੰਗਿਆ ਹੈ। ਟਵਿੱਟਰ ਨੇ ਇਰਾਨੀ ਦੇ ਸੁਣਵਾਈ ਅਧੀਨ ਮਾਣਹਾਨੀ ਮੁਕੱਦਮੇ ਸਬੰਧੀ ਇਹ ਅਪੀਲ ਦਾਖ਼ਲ ਕੀਤੀ ਹੈ। ਮਾਣਹਾਨੀ ਮਾਮਲੇ ’ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ 29 ਜੁਲਾਈ ਨੂੰ ਕਾਂਗਰਸ ਦੇ ਤਿੰਨ ਆਗੂਆਂ ਜੈਰਾਮ ਰਮੇਸ਼, ਪਵਨ ਖੇੜਾ ਅਤੇ ਨੇਟਾ ਡਿਸੂਜ਼ਾ ਨੂੰ ਸੰਮਨ ਜਾਰੀ ਕੀਤਾ ਸੀ ਅਤੇ ਕੇਂਦਰੀ ਮੰਤਰੀ ਤੇ ਉਨ੍ਹਾਂ ਦੀ ਧੀ ’ਤੇ ਲਾਏ ਦੋਸ਼ਾਂ ਸਬੰਧੀ ਟਵੀਟ ਅਤੇ ਹੋਰ ਸੋਸ਼ਲ ਮੀਡੀਆ ਪੋਸਟਾਂ ਹਟਾਉਣ ਲਈ ਕਿਹਾ ਸੀ। ਹਾਈ ਕੋਰਟ ਨੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ, ਟਵਿੱਟਰ ਤੇ ਯੂਟਿਊਬ ਨੂੰ ਇਰਾਨੀ ਅਤੇ ਉਸ ਦੀ ਧੀ ਦੀਆ ਤਸਵੀਰਾਂ ਦੇ ਨਾਲ ਇਸੇ ਤਰ੍ਹਾਂ ਦੀ ਮਾਣਹਾਨੀ ਵਾਲੀ ਸਮੱਗਰੀ, ਵੀਡੀਓ, ਪੋਸਟ, ਟਵੀਟ, ਰੀ-ਟਵੀਟ, ਕੈਪਸ਼ਨ, ਟੈਗਲਾਈਨ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਟਵਿੱਟਰ ਨੇ ਸਪੱਸ਼ਟੀਕਰਨ ਮੰਗਿਆ ਕਿ ਆਦੇਸ਼ ਵਿੱਚ ਬਚਾਅ ਪੱਖ ਇੱਕ ਤੋਂ ਤਿੰਨ (ਕਾਂਗਰਸੀ ਆਗੂਆਂ) ਨੂੰ ਨਿਰਦੇਸ਼ ਦਿੱਤਾ ਗਿਆ ਹੈ, ਇਸ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਨਹੀਂ। -ਪੀਟੀਆਈ