ਨਵੀਂ ਦਿੱਲੀ, 2 ਸਤੰਬਰ
ਮੁੱਖ ਅੰਸ਼
- ਜੱਜਾਂ ਤੇ ਅਦਾਰਿਆਂ ਖ਼ਿਲਾਫ਼ ਬਿਨਾਂ ਕਿਸੇ ਜਵਾਬਦੇਹੀ ਦੇ ਕਈ ਗੱਲਾਂ ਲਿਖੀਆਂ ਜਾਂਦੀਆਂ ਨੇ: ਬੈਂਚ
- ਆਈਟੀ ਨਿਯਮਾਂ ਦੀ ਵੈਧਤਾ ਖ਼ਿਲਾਫ਼ ਪਟੀਸ਼ਨਾਂ ਨੂੰ ਸੁਪਰੀਮ ਕੋਰਟ ’ਚ ਤਬਦੀਲ ਕਰਨ ਦੀ ਕੇਂਦਰ ਦੀ ਅਰਜ਼ੀ ’ਤੇ 6 ਹਫ਼ਤਿਆਂ ਬਾਅਦ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਨੇ ਵੈੱਬ ਪੋਰਟਲਾਂ ਅਤੇ ਯੂਟਿਊਬ ਸਮੇਤ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਫਰਜ਼ੀ ਖ਼ਬਰਾਂ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਮੀਡੀਆ ਦੇ ਇਕ ਵਰਗ ’ਚ ਦਿਖਾਈਆਂ ਜਾਣ ਵਾਲੀਆਂ ਖ਼ਬਰਾਂ ’ਚ ਫਿਰਕੂ ਰੰਗਤ ਹੋਣ ਨਾਲ ਮੁਲਕ ਦਾ ਅਕਸ ਖ਼ਰਾਬ ਹੋ ਰਿਹਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਸੋਸ਼ਲ ਮੀਡੀਆ ਜੱਜਾਂ ਅਤੇ ਅਦਾਰਿਆਂ ਦੀ ਬਜਾਏ ਸਿਰਫ਼ ‘ਤਾਕਤਵਰ ਆਵਾਜ਼ਾਂ’ ਦੀ ਗੱਲ ਹੀ ਸੁਣਦਾ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਫਰਜ਼ੀ ਖ਼ਬਰਾਂ ਦੇ ਪ੍ਰਸਾਰਣ ’ਤੇ ਰੋਕ ਲਾਉਣ ਲਈ ਜਮੀਅਤ ਉਲੇਮਾ-ਏ-ਹਿੰਦ ਦੀ ਪਟੀਸ਼ਨ ਸਮੇਤ ਕਈ ਅਰਜ਼ੀਆਂ ’ਤੇ ਸੁਣਵਾਈ ਕਰਦਿਆਂ ਸਖ਼ਤ ਟਿੱਪਣੀਆਂ ਕੀਤੀਆਂ। ਇਸ ਦੌਰਾਨ ਸੀਬੀਆਈ ਨੇ ਸੋਸ਼ਲ ਮੀਡੀਆ ’ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਲਿੰਗਾਰੈੱਡੀ ਰਾਜਸ਼ੇਖਰ ਰੈੱਡੀ ਖ਼ਿਲਾਫ਼ ਦੋਸ਼ਪੱਤਰ ਦਾਖ਼ਲ ਕੀਤਾ ਹੈ।
ਜਮੀਅਤ ਉਲੇਮਾ-ਏ-ਹਿੰਦ ਨੇ ਆਪਣੀ ਅਰਜ਼ੀ ’ਚ ਨਿਜ਼ਾਮੂਦੀਨ ਸਥਿਤ ਮਰਕਜ਼ ’ਚ ਪਿਛਲੇ ਸਾਲ ਹੋਏ ਧਾਰਮਿਕ ਇਕੱਠ ਨਾਲ ਸਬੰਧਤ ‘ਫਰਜ਼ੀ ਖ਼ਬਰਾਂ’ ਫੈਲਾਉਣ ਤੋਂ ਰੋਕਣ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ’ਤੇ ਸਖ਼ਤ ਕਾਰਵਾਈ ਕਰਨ ਦਾ ਕੇਂਦਰ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। ਬੈਂਚ ਨੇ ਕਿਹਾ,‘‘ਸਮੱਸਿਆ ਇਹ ਹੈ ਕਿ ਇਸ ਮੁਲਕ ’ਚ ਹਰ ਗੱਲ ਮੀਡੀਆ ਦੇ ਇਕ ਵਰਗ ਵੱਲੋਂ ਫਿਰਕੂ ਢੰਗ ਨਾਲ ਦਿਖਾਈ ਜਾਂਦੀ ਹੈ। ਆਖਰਕਾਰ ਇਸ ਨਾਲ ਮੁਲਕ ਦਾ ਅਕਸ ਖ਼ਰਾਬ ਹੋ ਰਿਹਾ ਹੈ। ਕੀ ਤੁਸੀਂ (ਕੇਂਦਰ) ਇਨ੍ਹਾਂ ਨਿੱਜੀ ਚੈਨਲਾਂ ਨੂੰ ਨਿਯਮਤ ਕਰਨ ਦੀ ਕਦੇ ਵੀ ਕੋਸ਼ਿਸ਼ ਕੀਤੀ ਹੈ।’’
ਬੈਂਚ ਸੋਸ਼ਲ ਮੀਡੀਆ ਅਤੇ ਵੈੱਬ ਪੋਰਟਲਾਂ ਸਮੇਤ ਆਨਲਾਈਨ ਸਮਗੱਰੀ ਨੂੰ ਨਿਯਮਤ ਕਰਨ ਲਈ ਹੁਣੇ ਜਿਹੇ ਲਾਗੂ ਸੂਚਨਾ ਤਕਨਾਲੋਜੀ ਨਿਯਮਾਂ ਦੀ ਵੈਧਤਾ ਖ਼ਿਲਾਫ਼ ਵੱਖ ਵੱਖ ਹਾਈ ਕੋਰਟਾਂ ’ਚ ਬਕਾਇਆ ਪਈਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ’ਚ ਤਬਦੀਲ ਕਰਨ ਦੀ ਕੇਂਦਰ ਦੀ ਅਰਜ਼ੀ ’ਤੇ 6 ਹਫ਼ਤਿਆਂ ਬਾਅਦ ਸੁਣਵਾਈ ਕਰਨ ਲਈ ਵੀ ਰਾਜ਼ੀ ਹੋ ਗਿਆ ਹੈ। ਕੇਂਦਰ ਵੱਲੋਂ ਪੇਸ਼ ਹੋਈ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ,‘‘ਨਾ ਸਿਰਫ਼ ਫਿਰਕੂ ਸਗੋਂ ਮਨਘੜਤ ਖ਼ਬਰਾਂ ਵੀ ਹੁੰਦੀਆਂ ਹਨ ਅਤੇ ਵੈੱਬ ਪੋਰਟਲਾਂ ਸਮੇਤ ਆਨਲਾਈਨ ਸਮੱਗਰੀ ਨੂੰ ਰੈਗੂਲੇਟ ਕਰਨ ਲਈ ਆਈਟੀ ਨੇਮ ਬਣਾਏ ਗਏ ਹਨ।’’ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਸਿਰਫ਼ ‘ਤਾਕਤਵਰ ਆਵਾਜ਼ਾਂ’ ਨੂੰ ਸੁਣਦਾ ਹੈ ਅਤੇ ਜੱਜਾਂ ਤੇ ਅਦਾਰਿਆਂ ਖ਼ਿਲਾਫ਼ ਬਿਨਾਂ ਕਿਸੇ ਜਵਾਬਦੇਹੀ ਦੇ ਕਈ ਗੱਲਾਂ ਲਿਖੀਆਂ ਜਾਂਦੀਆਂ ਹਨ।
ਚੀਫ਼ ਜਸਟਿਸ ਨੇ ਕਿਹਾ,‘‘ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਸੋਸ਼ਲ ਮੀਡੀਆ, ਟਵਿੱਟਰ ਅਤੇ ਫੇਸਬੁੱਕ ਆਮ ਲੋਕਾਂ ਨੂੰ ਕਿਥੇ ਜਵਾਬ ਦਿੰਦੇ ਹਨ। ਉਹ ਕਦੇ ਵੀ ਜਵਾਬ ਨਹੀਂ ਦਿੰਦੇ ਹਨ। ਕੋਈ ਜਵਾਬਦੇਹੀ ਨਹੀਂ ਹੈ। ਉਹ ਖ਼ਰਾਬ ਲਿਖਦੇ ਹਨ ਅਤੇ ਜਵਾਬ ਨਹੀਂ ਦਿੰਦੇ ਹਨ ਅਤੇ ਆਖਦੇ ਹਨ ਕਿ ਇਹ ਉਨ੍ਹਾਂ ਦਾ ਹੱਕ ਹੈ।’’ -ਪੀਟੀਆਈ