ਬੰਗਲੌਰ, 10 ਮਾਰਚ
ਪੁਲੀਸ ਨੇ ਅੱਜ ਇੱਥੇ ਜ਼ੂਮੈਟੋ ਦੇ ਡਲਿਵਰੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੰਗਲੌਰ ਦੀ ਕਲਾਕਾਰ ਨੇ ਇਸ ਵਿਅਕਤੀ ’ਤੇ ਦੋਸ਼ ਲਾਇਆ ਸੀ ਕਿ ਭੋਜਨ ’ਚ ਦੇਰੀ ਹੋਣ ਦੀ ਸ਼ਿਕਾਇਤ ਕਰਨ ’ਤੇ ਉਸ ਨੇ ਚਿਹਰੇ ’ਤੇ ਹਮਲਾ ਕਰ ਦਿੱਤਾ। ਸ਼ਹਿਰ ਦੀ ਮਾਡਲ ਹਿਤੇਸ਼ ਚੰਦਰਾਣੀ ਨੇ ਜ਼ੂਮੈਟੋ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਆਰਡਰ ’ਚ ਦੇਰੀ ਹੋਣ ਕਾਰਨ ਭੋਜਨ ਦੀ ਡਿਲਿਵਰੀ ਜਾਂ ਤਾਂ ਮੁਫ਼ਤ ਕੀਤੀ ਜਾਵੇ ਜਾਂ ਰੱਦ ਕੀਤੀ ਜਾਵੇ। ਉਸ ਨੇ ਨੱਕ ’ਚੋਂ ਵਗਦੇ ਖ਼ੂਨ ਸਬੰਧੀ ਵੀਡੀਓ ਟਵਿੱਟਰ ’ਤੇ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘‘ਮੇਰੇ ਜ਼ੁਮੈਟੋ ਆਰਡਰ ’ਚ ਦੇਰੀ ਹੋ ਗਈ। ਮੈਂ ਕਸਟਮਰ ਕੇਅਰ ਕੋਲ ਸ਼ਿਕਾਇਤ ਕੀਤੀ ਤਾਂ ਡਿਲਿਵਰੀ ਦੇਣ ਆਏ ਵਿਅਕਤੀ ਨੇ ਆਹ ਹਾਲ ਕਰ ਦਿੱਤਾ।’’ ਉਸ ਨੇ ਇਹ ਵੀਡੀਓ ਸ਼ਹਿਰੀ ਪੁਲੀਸ ਨਾਲ ਵੀ ਸਾਂਝੀ ਕੀਤੀ, ਜਿਸ ਮਗਰੋਂ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਧਰ ਜ਼ੂਮੈਟੋ ਨੇ ਆਪਣੇ ਸਟਾਫ਼ ਮੈਂਬਰ ਵੱਲੋਂ ਕੀਤੀ ਇਸ ਹਰਕਤ ਲਈ ਮੁਆਫ਼ੀ ਮੰਗ ਲਈ ਹੈ। ਜ਼ੂਮੈਟੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਬੰਧਿਤ ਵਿਅਕਤੀ ਨੂੰ ਹਟਾ ਦਿੱਤਾ ਗਿਆ ਹੈ।