ਨਵੀਂ ਦਿੱਲੀ, 8 ਅਕਤੂਬਰ
ਇਥੋਂ ਦੀ ਅਦਾਲਤ ਨੇ ਉਪਹਾਰ ਸਿਨੇਮਾ ਅਗਨੀ ਕਾਂਡ ਦੇ ਕੇਸ ’ਚ ਸਬੂਤਾਂ ਨਾਲ ਛੇੜਖਾਨੀ ਲਈ ਰੀਅਲ ਅਸਟੇਟ ਕੰਪਨੀ ਦੇ ਮਾਲਕਾਂ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ ਦੋਸ਼ੀ ਕਰਾਰ ਦਿੱਤਾ ਹੈ। 1997 ’ਚ ਵਾਪਰੇ ਅਗਨੀ ਕਾਂਡ ਦੌਰਾਨ 59 ਵਿਅਕਤੀ ਮਾਰੇ ਗਏ ਸਨ।
ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਪੰਕਜ ਸ਼ਰਮਾ ਨੇ ਅਦਾਲਤ ਦੇ ਸਾਬਕਾ ਮੁਲਾਜ਼ਮ ਦਿਨੇਸ਼ ਚੰਦ ਸ਼ਰਮਾ ਅਤੇ ਦੋ ਹੋਰਾਂ ਪੀ ਪੀ ਬੱਤਰਾ ਤੇ ਅਨੂਪ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ’ਚ ਸੋਮਵਾਰ ਨੂੰ ਸਜ਼ਾ ’ਤੇ ਬਹਿਸ ਹੋਵੇਗੀ। ਦੋਸ਼ੀਆਂ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਦੇ ਆਮਦਨੀ ਸਰਟੀਫਿਕੇਟ ਵੀ ਸੋਮਵਾਰ ਤੱਕ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪੀੜਤਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਫ਼ੈਸਲਾ ਕੀਤਾ ਜਾ ਸਕੇ। ਅੰਸਲਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਕੇਸ ’ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। -ਪੀਟੀਆਈ