ਵਾਰਾਨਸੀ, 29 ਸਤੰਬਰ
ਗਿਆਨਵਾਪੀ ਮਸਜਿਦ-ਸ਼੍ਰਿੰਗਾਰ ਗੌਰੀ ਕੰਪਲੈਕਸ ਕੇਸ ’ਚ ਹਿੰਦੂਆਂ ਵੱਲੋਂ ਕਥਿਤ ਸ਼ਿਵਲਿੰਗ ਦੀ ਸਥਾਪਨਾ ਸਬੰਧੀ ਜਾਂਚ ਵਾਲੀ ਪਟੀਸ਼ਨ ’ਤੇ ਮੁਸਲਿਮ ਧਿਰ ਨੇ ਅੱਜ ਅਦਾਲਤ ’ਚ ਇਤਰਾਜ਼ ਜਤਾਇਆ ਹੈ। ਕੇਸ ਦੇ ਇਕ ਹਿੰਦੂ ਪਟੀਸ਼ਨਰ ਨੇ ਵੀ ‘ਸ਼ਿਵਲਿੰਗ’ ਦੀ ਕਾਰਬਨ ਡੇਟਿੰਗ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਕਿਸੇ ਵੀ ਵਿਗਿਆਨਕ ਟੈਸਟਿੰਗ ਨਾਲ ਇਸ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਦਾਲਤ ਨੈ ਫ਼ੈਸਲਾ 7 ਅਕਤੂਬਰ ਲਈ ਰਾਖਵਾਂ ਰੱਖ ਲਿਆ ਹੈ। ਹਿੰਦੂ ਪਟੀਸ਼ਨਰਾਂ ਨੇ ਵੀਡੀਓਗ੍ਰਾਫ਼ੀ ਸਰਵੇ ਦੌਰਾਨ ਦਾਅਵਾ ਕੀਤਾ ਸੀ ਕਿ ਮਸਜਿਦ ਅੰਦਰ ਵਜ਼ੂਖਾਨੇ ਨੇੜੇ ਸ਼ਿਵਲਿੰਗ ਹੈ ਜਦਕਿ ਮੁਸਲਿਮ ਧਿਰ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਫੁਹਾਰਾ ਹੈ। ਜ਼ਿਲ੍ਹਾ ਸਰਕਾਰੀ ਵਕੀਲ ਮਹੇਂਦਰ ਪਾਂਡੇ ਨੇ ਕਿਹਾ ਕਿ ਹਿੰਦੂ ਪਟੀਸ਼ਨਰਾਂ ਨੇ ਢਾਂਚੇ ਦੀ ਕਾਰਬਨ ਡੇਟਿੰਗ ਦੀ ਮੰਗ ਕੀਤੀ ਹੈ ਜਿਸ ਦਾ ਮੁਸਲਿਮ ਧਿਰ ਨੇ ਇਤਰਾਜ਼ ਜਤਾਇਆ ਹੈ। ਮੁਸਲਿਮ ਧਿਰ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੇ ਵਾਰਾਨਸੀ ਜ਼ਿਲ੍ਹਾ ਮੈਜਿਸਟਰੇਟ ਨੂੰ ਢਾਂਚਾ ਸੁਰੱਖਿਅਤ ਰੱਖਣ ਲਈ ਕਿਹਾ ਹੈ। ਅਜਿਹੇ ਹਾਲਾਤ ’ਚ ਉਸ ਦੀ ਪੜਤਾਲ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਮੁਸਲਿਮ ਧਿਰ ਦਾ ਇਹ ਵੀ ਕਹਿਣਾ ਹੈ ਕਿ ਅਸਲ ਕੇਸ ਸ਼੍ਰਿੰਗਾਰ ਗੌਰੀ ਦੀ ਪੂਜਾ ਦਾ ਹੈ ਜਦਕਿ ਮਸਜਿਦ ’ਚ ਢਾਂਚੇ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। -ਪੀਟੀਆਈ