ਜੰਮੂ, 27 ਅਗਸਤ
ਸਾਬਕਾ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਆਪਣੀ ਪਾਰਟੀ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਜੰਮੂ ਕਸ਼ਮੀਰ ਵਿਚ ਇਸ ਦੀ ਪਹਿਲੀ ਇਕਾਈ ਦੋ ਹਫ਼ਤਿਆਂ ਵਿਚ ਕਾਇਮ ਕੀਤੀ ਜਾਵੇਗੀ। ਆਜ਼ਾਦ ਦੇ ਨੇੜਲੇ ਸਹਿਯੋਗੀ ਜੀ.ਐਮ. ਸਰੂਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਪੰਜ ਅਗਸਤ, 2019 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਪਾਰਟੀ ਦੇ ਮੈਨੀਫੈਸਟੋ ਵਿਚ ਹੋਵੇਗੀ। ਜ਼ਿਕਰਯੋਗ ਹੈ ਕਿ ਆਜ਼ਾਦ ਦੇ ਸਮਰਥਨ ਵਿਚ ਜੰਮੂ ਕਸ਼ਮੀਰ ਦੇ ਕਈ ਉੱਘੇ ਕਾਂਗਰਸੀ ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਰੂਰੀ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਆਜ਼ਾਦ ਵਿਚਾਰਧਾਰਕ ਤੌਰ ’ਤੇ ਧਰਮ ਨਿਰਪੱਖ ਹਨ ਤੇ ਭਾਜਪਾ ਦੇ ਕਹਿਣ ਉਤੇ ਉਨ੍ਹਾਂ ਦੇ ਕੰਮ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਸੈਂਕੜੇ ਸੀਨੀਅਰ ਕਾਂਗਰਸੀ ਆਗੂਆਂ, ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਤੇ ਕਈ ਵਰਕਰਾਂ ਨੇ ਵੀ ਆਜ਼ਾਦ ਦੇ ਨਾਲ ਖੜ੍ਹਦਿਆਂ ਅਸਤੀਫ਼ੇ ਦੇ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਆਜ਼ਾਦ ਨੇ ਸ਼ੁੱਕਰਵਾਰ ਕਾਂਗਰਸ ਨਾਲ ਆਪਣੀ ਪੰਜ ਦਹਾਕੇ ਤੋਂ ਵੱਧ ਪੁਰਾਣੀ ਸਾਂਝ ਤੋੜਨ ਦਾ ਐਲਾਨ ਕੀਤਾ ਸੀ। ਜੰਮੂ ਕਸ਼ਮੀਰ ਕਾਂਗਰਸ ਦੇ ਸਾਬਕਾ ਉਪ ਪ੍ਰਧਾਨ ਸਰੂਰੀ ਨੇ ਕਿਹਾ ਕਿ, ‘ਆਜ਼ਾਦ 4 ਸਤੰਬਰ ਨੂੰ ਜੰਮੂ ਆ ਰਹੇ ਹਨ ਤੇ ਨਵੀਂ ਪਾਰਟੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸ਼ੁੱਭਚਿੰਤਕਾਂ ਨਾਲ ਤਾਲਮੇਲ ਕਰਨਗੇ।’ ਸ਼ੁੱਕਰਵਾਰ ਆਪਣੇ ਅਸਤੀਫ਼ੇ ਤੋਂ ਕੁਝ ਘੰਟੇ ਬਾਅਦ ਹੀ ਆਜ਼ਾਦ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ। ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਵੀ ਜਲਦੀ ਹੋਣ ਦੇ ਆਸਾਰ ਹਨ। ਆਜ਼ਾਦ ਡੋਡਾ ਜ਼ਿਲ੍ਹੇ ਦੇ ਭੱਦਰਵਾਹ ਕਸਬੇ ਦੇ ਰਹਿਣ ਵਾਲੇ ਹਨ ਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਰਹੇ ਹਨ। ਸਰੂਰੀ ਨੇ ਕਿਹਾ ਕਿ ਨਵੀਂ ਪਾਰਟੀ ਵਿਕਾਸ ਤੇ ਸਮਾਜ ਦੇ ਸਾਰੇ ਵਰਗਾਂ ਦੇ ਏਕੇ ਉਤੇ ਧਿਆਨ ਕੇਂਦਰਤ ਕਰੇਗੀ। ਉਨ੍ਹਾਂ ਕਿਹਾ ਕਿ ਆਜ਼ਾਦ ਦੇ ਜਾਣ ਤੋਂ ਬਾਅਦ ਕਾਂਗਰਸ ਜੰਮੂ ਕਸ਼ਮੀਰ ਵਿਚ ਲਗਭਗ ਖ਼ਤਮ ਹੋ ਚੁੱਕੀ ਹੈ ਤੇ ਸਾਬਕਾ ਮੁੱਖ ਮੰਤਰੀ ਨੂੰ ਮਿਲਣ ਲਈ ਆਗੂਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। -ਪੀਟੀਆਈ
ਜੰਮੂ ਕਸ਼ਮੀਰ ਕਾਂਗਰਸ ਨੇ ਆਜ਼ਾਦ ’ਤੇ ਨਿਸ਼ਾਨਾ ਸੇਧਿਆ
ਜੰਮੂ: ਗੁਲਾਮ ਨਬੀ ਆਜ਼ਾਦ ਦੇ ਸਮਰਥਨ ਵਿਚ ਕਈ ਕਾਂਗਰਸ ਆਗੂਆਂ ਦੇ ਅਸਤੀਫ਼ੇ ਦੇ ਮੱਦੇਨਜ਼ਰ ਅੱਜ ਪਾਰਟੀ ਦੀ ਜੰਮੂ ਕਸ਼ਮੀਰ ਇਕਾਈ ਨੇ ਕਿਹਾ ਕਿ ਜਿਹੜੇ ਅੱਠ ਸਾਲਾਂ ਤੋਂ ਗਹਿਰੀ ਨੀਂਦ ਵਿਚ ਸਨ, ਉਨ੍ਹਾਂ ਨੇ ਹੀ ਪਾਰਟੀ ਛੱਡੀ ਹੈ, ਤੇ ਇਨ੍ਹਾਂ ਦਾ ਹਾਲ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਹੋਵੇਗਾ। ਜੰਮੂ ਕਸ਼ਮੀਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਮਨ ਭੱਲਾ ਨੇ ਕਿਹਾ ਕਿ ਹਰੇਕ ਕਾਂਗਰਸੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਪਿੱਛੇ ਖੜ੍ਹਾ ਹੈ। ਉਨ੍ਹਾਂ ਰਾਹੁਲ ਗਾਂਧੀ ਦੀ ਆਲੋਚਨਾ ਕਰਨ ਲਈ ਆਜ਼ਾਦ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਗਾਂਧੀ ਹੀ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਫਾਸ਼ੀਵਾਦੀ ਸ਼ਾਸਨ’ ਅੱਗੇ ਡਟੇ ਹਨ। ਭੱਲਾ ਨੇ ਕਿਹਾ ਕਿ ਆਜ਼ਾਦ ਨੇ ਅਸਤੀਫ਼ਾ ਕਾਂਗਰਸ ਨੂੰ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਸਮਰਥਨ ਨੂੰ ਨੁਕਸਾਨ ਪਹੁੰਚਾਉਣ ਲਈ ਦਿੱਤਾ ਹੈ। ਕਾਂਗਰਸ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਰਾਹੁਲ ’ਤੇ ਇਲਜ਼ਾਮ ‘ਨਿੱਜੀ ਤੌਰ ਉਤੇ ਦੋਸ਼ ਲਾ ਕੇ ਬਦਨਾਮ ਕਰਨ ਵਾਂਗ ਹਨ’। -ਪੀਟੀਆਈ
ਆਖ਼ਰ, ਗੁਲਾਮ ਨਬੀ ਨੇ ਖ਼ੁਦ ਨੂੰ ਆਜ਼ਾਦ ਕਰ ਹੀ ਲਿਆ: ਸਿੰਧੀਆ
ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਅੱਜ ਕਿਹਾ ਕਿ ਆਖ਼ਰ ਉਨ੍ਹਾਂ ਦੇ ਪੁਰਾਣੇ ਸਾਥੀ ਗੁਲਾਮ ਨਬੀ ਆਜ਼ਾਦ ਨੇ ਖ਼ੁਦ ਨੂੰ ‘ਆਜ਼ਾਦ’ ਕਰ ਲਿਆ ਹੈ। 2020 ਵਿਚ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਕਾਂਗਰਸ ਆਗੂ ਸਿੰਧੀਆ ਨੇ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਸਥਿਤੀ ਨੂੰ ਕਈ ਸਾਲਾਂ ਤੋਂ ਸਾਰੇ ਜਾਣਦੇ ਹੀ ਹਨ। -ਪੀਟੀਆਈ