ਨਵੀਂ ਦਿੱਲੀ, 10 ਦਸੰਬਰ
ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਦਾ ਅੱਜ ਸ਼ਾਮੀਂ ਇਥੇ ਦਿੱਲੀ ਛਾਉਣੀ ਵਿਚਲੇ ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਫੌਜ ਵੱਲੋਂ ਆਪਣੇ ਜਰਨੈਲ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਧੀਆਂ ਤਾਰਿਨੀ ਤੇ ਕ੍ਰਿਤਿਕਾ ਨੇ ਆਪਣੇ ਮਾਤਾ-ਪਿਤਾ ਦੀਆਂ ਦੇਹਾਂ ਨੂੰ ਅਗਨੀ ਵਿਖਾਈ। ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਨਾਂ ਦਾ ਬੁੱਧਵਾਰ ਨੂੰ ਤਾਮਿਲ ਨਾਡੂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਰਾਵਤ ਜੋੜੇ ਦੀਆਂ ਅਸਥੀਆਂ ਭਲਕੇ ਹਰਿਦੁਆਰ ਵਿੱਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਸਿਖਰਲੇ ਫੌਜੀ ਜਰਨੈਲ ਦੀ ਅੰਤਿਮ ਯਾਤਰਾ ਵਿੱਚ ਤਿੰਨਾਂ ਸੈਨਾਵਾਂ ਦੇ ਕਰੀਬ 800 ਅਧਿਕਾਰੀ ਤੇ ਹੋਰ ਸਟਾਫ਼ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਨੂੰਨ ਮੰਤਰੀ ਕਿਰਨ ਰਿਜਿਜੂ, ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੂਅਲ ਲੇਨੈਨ ਤੇ ਬਰਤਾਨਵੀ ਹਾਈ ਕਮਿਸ਼ਨਰ ਐਲਕਸ ਐਲਿਸ ਮੌਜੂਦ ਰਹੇ। ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਮਗਰੋਂ ਹੁਣ ਤੱਕ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਅਤੇ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ ਦੀਆਂ ਮ੍ਰਿਤਕ ਦੇਹਾਂ ਦੀ ਹੀ ਸ਼ਨਾਖਤ ਹੋ ਸਕੀ ਹੈ ਜਦੋਂਕਿ ਬਾਕੀ 10 ਦੇਹਾਂ ਨੂੰ ਪਛਾਣ ਲਈ ਮਿਲਟਰੀ ਬੇਸ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਦੀ ਅੰਤਿਮ ਯਾਤਰਾ ਅੱਜ ਬਾਅਦ ਦੁਪਹਿਰ 2:20 ਵਜੇ ਦੇ ਕਰੀਬ ਇਥੇ ਕਾਮਰਾਜ ਮਾਰਗ ਸਥਿਤ ਰਿਹਾਇਸ਼ ਤੋਂ ਸ਼ੁਰੂ ਹੋਈ। ਇਸ ਜੋੜੇ ਦੀਆਂ ਦੋਵਾਂ ਧੀਆਂ ਨੇ ਰੀਤੀ ਰਿਵਾਜ ਮੁਤਾਬਕ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਤਿਰੰਗੇ ਝੰਡੇ ਵਿਚ ਲਿਪਟੀਆਂ ਦੇਹਾਂ ਨੂੰ ਫੁੱਲਾਂ ਨਾਲ ਸਜੇ ਟਰੱਕ ਵਿੱਚ ਦਿੱਲੀ ਛਾਉਣੀ ਵਿੱਚ ਬਰਾੜ ਸਕੁਏਅਰ ਸ਼ਮਸ਼ਾਨਘਾਟ ਲਿਜਾਇਆ ਗਿਆ। ਅੰਤਿਮ ਯਾਤਰਾ ਨੂੰ ਕਾਮਰਾਜ ਮਾਰਗ ਤੋਂ ਸ਼ਮਸ਼ਾਨਘਾਟ ਤੱਕ ਦਾ ਦਸ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨ ਵਿੱਚ ਦੋ ਘੰਟੇ ਦੇ ਕਰੀਬ ਲੱਗੇ। ਇਸ ਦੌਰਾਨ ਰਸਤੇ ਵਿੱਚ ਲੋਕਾਂ ਨੇ ਨਮ ਅੱਖਾਂ ਤੇ ਫੁੱਲ ਮਾਲਾਵਾਂ ਨਾਲ ਰਾਵਤ ਜੋੜੇ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਅੰਤਿਮ ਯਾਤਰਾ ਦੇ ਇਨ੍ਹਾਂ ਗ਼ਮਗੀਨ ਪਲਾਂ ਨੂੰ ਆਪਣੇ ਮੋਬਾਈਲਾਂ ਵਿੱਚ ਕੈਦ ਕੀਤਾ। ਇਸ ਤੋਂ ਪਹਿਲਾਂ ਅੱਜ ਦਿਨੇ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਆਮ ਲੋਕਾਂ ਤੇ ਹੋਰਨਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਨੇ ਵੀ ਜਨਰਲ ਰਾਵਤ ਦੀ ਰਿਹਾਇਸ਼ ’ਤੇ ਪੁੱਜ ਕੇ ਸ਼ਰਧਾਂਜਲੀਆਂ ਦਿੱਤੀਆਂ। ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਦੀ ਚਿਖਾ ਨਾਲੋ-ਨਾਲ ਸੀ ਤੇ ਧੀਆਂ ਤਾਰਿਨੀ ਤੇ ਕ੍ਰਿਤਿਕਾ ਨੇ ਅਗਨੀ ਵਿਖਾਈ। ਇਸ ਮੌਕੇ ਜਨਰਲ ਰਾਵਤ ਦੇ ਛੋਟੇ ਭਰਾ ਵਿਜੈ ਰਾਵਤ(60) ਵੀ ਮੌਜੂਦ ਸਨ। ਰਾਵਤ ਦੀ ਛੋਟੀ ਧੀ ਤਾਰਿਨੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਦਿੱਲੀ ਛਾਉਣੀ ਸ਼ਮਸ਼ਾਨਘਾਟ ਵਿੱਚ ਅੱਜ ਸਸਕਾਰ ਮਗਰੋਂ ਅਸੀਂ ਭਲਕੇ ਉਨ੍ਹਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਲਿਜਾਵਾਂਗੇ।’’ ਜੈਪੁਰ ਆਧਾਰਿਤ ਵਿਜੈ ਰਾਵਤ ਨੇ ਕਿਹਾ, ‘‘ਮੈਂ ਉਨ੍ਹਾਂ (ਰਾਵਤ ਜੋੜੇ) ਨਾਲ ਬੁੱਧਵਾਰ ਨੂੰ ਗੱਲ ਕੀਤੀ ਸੀ, ਉਦੋਂ ਉਹ ਵੈਲਿੰਗਟਨ ਵਿੱਚ ਇਕ ਸਮਾਗਮ ਲਈ ਤਾਮਿਲ ਨਾਡੂ ਜਾ ਰਹੇ ਸਨ। ਅਸੀਂ ਇਹ ਸੋਚਿਆ ਵੀ ਨਹੀਂ ਸੀ ਕਿ ਹੋਣੀ ਉਨ੍ਹਾਂ ਨੂੰ ਸਾਡੇ ਕੋਲੋਂ ਇੰਜ ਖੋਹ ਲਏਗੀ।’’
ਜਨਰਲ ਰਾਵਤ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਸਨ, ਜਿਨ੍ਹਾਂ ਦੇ ਕਾਰਜਕਾਲ ਨੂੰ ਇਸ ਮਹੀਨੇ ਦੇ ਅਖੀਰ ’ਚ ਦੋ ਸਾਲ ਪੂਰੇ ਹੋਣੇ ਸਨ। ਹੈਲੀਕਾਪਟਰ ਹਾਦਸੇ ਵਿੱਚ ਬਚਿਆ ਇਕਲੌਤਾ ਗਰੁੱਪ ਕੈਪਟਨ ਵਰੁਣ ਸਿੰਘ ਇਸ ਵੇਲੇ ਬੰਗਲੂਰੂ ਵਿੱਚ ਜ਼ੇਰੇ ਇਲਾਜ ਹੈ। -ਪੀਟੀਆਈ
ਸ਼ਾਹ, ਡੋਵਾਲ ਤੇ ਰਾਹੁਲ ਵੱਲੋਂ ਸ਼ਰਧਾਂਜਲੀਆਂ ਭੇਟ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਸੀਜੇਆਈ ਐੱਨ.ਵੀ ਰਾਮੰਨਾ ਵੱਲੋਂ ਅੱਜ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਦੇ ਅੰਤਿਮ ਸੰਸਕਾਰ ਮੌਕੇ ਦੋਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ, ਭਾਰਤ ਵਿਚ ਬਰਤਾਨਵੀ ਰਾਜਦੂਤ ਐਲੇਗਜ਼ੈਂਡਰ ਐਲਿਸ, ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ, ਡੀਐੱਮਕੇ ਆਗੂ ਕਨੀਮੋੜੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਆਗੂ ਬੈਜਯੰਤ ਜੈ ਪਾਂਡਾ, ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਤੋਂ ਇਲਾਵਾ ਮਲਿਕਾਰਜੁਨ ਖੜਗੇ ਨੇ ਵੀ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਅੰਤਿਮ ਸਸਕਾਰ ਵਿਚ ਵੱਖ-ਵੱਖ ਦੇਸ਼ਾਂ ਦੇ ਫ਼ੌਜੀ ਕਮਾਂਡਰ, ਰਾਜਦੂਤ ਅਤੇ ਰੱਖਿਆ ਖੇਤਰ ਨਾਲ ਸਬੰਧਤ ਪ੍ਰਤੀਨਿਧ ਵੀ ਸ਼ਾਮਲ ਹੋਏ। ਇਨ੍ਹਾਂ ਵਿਦੇਸ਼ੀ ਫ਼ੌਜੀ ਕਮਾਂਡਰਾਂ ਵਿਚ ਸ੍ਰੀਲੰਕਾਈ ਫ਼ੌਜ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਸ਼ਵੇਂਦਰ ਸਿਲਵਾ, ਬੰਗਲਾਦੇਸ਼ ਦੇ ਹਥਿਆਰਬੰਦ ਬਲਾਂ ਦੀ ਡਿਵੀਜ਼ਨ ਦੇ ਪ੍ਰਮੁੱਖ ਸਟਾਫ਼ ਅਧਿਕਾਰੀ ਲੈਫ਼ਟੀਨੈਂਟ ਜਨਰਲ ਵਾਕਰ-ਉਜ਼-ਜ਼ਮਨ, ਰੌਇਲ ਭੁਟਾਨ ਆਰਮੀ ਦੇ ਡਿਪਟੀ ਚੀਫ਼ ਅਪ੍ਰੇਸ਼ਨਜ਼ ਅਧਿਕਾਰੀ ਬ੍ਰਿਗੇਡੀਅਰ ਡੌਰਜੀ ਰਿੰਚੈਨ ਅਤੇ ਨੇਪਾਲ ਫ਼ੌਜ ਦੇ ਚੀਫ਼ ਆਫ਼ ਜਨਰਲ ਸਟਾਫ਼ ਲੈਫ਼ਟੀਨੈਂਟ ਜਨਰਲ ਬਾਲ ਕ੍ਰਿਸ਼ਨ ਕਾਰਕੀ ਤੋਂ ਇਲਾਵਾ ਸ੍ਰੀਲੰਕਾ ਦੇ ਸਾਬਕਾ ਸੀਡੀਐੱਸ ਐਡਮਿਰਲ (ਸੇਵਾ ਮੁਕਤ) ਰਵਿੰਦਰ ਚੰਦਰਾਸਿਰੀ ਵਿਜੈਗੁਣਾਰਤਨੇ ਸ਼ਾਮਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੇ ਸ਼ੋਕ ਸੁਨੇਹੇ ਵੀ ਭੇਜੇ। -ਪੀਟੀਆਈ
ਫੌਜ ਵੱਲੋਂ ਸੀਡੀਐੱਸ ਨੂੰ 17 ਤੋਪਾਂ ਦੀ ਸਲਾਮੀ
ਜਨਰਲ ਰਾਵਤ ਦੀਆਂ ਦੋਵੇਂ ਧੀਆਂ ਨੇ ਘਰ ਵਿੱਚ ਰਵਾਇਤੀ ਰਸਮਾਂ ਨੂੰ ਪੂਰਾ ਕੀਤਾ। ਜਨਰਲ ਰਾਵਤ ਦੀ ਮ੍ਰਿਤਕ ਦੇਹ ਵਾਲਾ ਤਾਬੂਤ ਸ਼ਮਸ਼ਾਨਘਾਟ ਪੁੱਜਣ ’ਤੇ ਉਥੇ ਮੌਜੂਦ ਲੋਕਾਂ ਨੇ ਫੁੱਲ ਸੁੱਟੇ ਤੇ ‘ਜਬ ਤਕ ਸੂਰਜ ਚਾਂਦ ਰਹੇਗਾ, ਰਾਵਤ ਜੀ ਕਾ ਨਾਮ ਰਹੇਗਾ’ ਦੇ ਨਾਅਰੇ ਲਾਏ। ਪੰਡਿਤ ਵੱਲੋਂ ਸੰਸਕ੍ਰਿਤ ਵਿੱਚ ਸ਼ਲੋਕ ਪੜ੍ਹੇ ਜਾਣ ਦਰਮਿਆਨ ਹੀ ਫੌਜ ਵੱਲੋਂ ਪ੍ਰੋਟੋਕਾਲ ਮੁਤਾਬਕ ਆਪਣੇ ਜਰਨੈਲ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ ਬਰਾੜ ਸਕੁਏਅਰ ਦੇ ਬਾਹਰ ਵੀ ਵੱਡੀ ਗਿਣਤੀ ਫੌਜੀ ਅਧਿਕਾਰੀ ਤੇ ਹੋਰ ਅਮਲੇ ਤੋਂ ਇਲਾਵਾ ਲੋਕ ਮੌਜੂਦ ਸਨ।