ਨਵੀਂ ਦਿੱਲੀ, 30 ਅਪਰੈਲ
ਜਨਰਲ ਐੱਮ ਐੱਮ ਨਰਵਾਣੇ ਦੇ ਸੇਵਾਮੁਕਤ ਹੋਣ ਮਗਰੋਂ ਜਨਰਲ ਮਨੋਜ ਪਾਂਡੇ ਨੇ ਥਲ ਸੈਨਾ ਦੇ ਨਵੇਂ ਮੁਖੀ ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ। ਜਨਰਲ ਪਾਂਡੇ ਕੋਰ ਆਫ਼ ਇੰਜਨੀਅਰਜ਼ ਦੇ ਪਹਿਲੇ ਅਧਿਕਾਰੀ ਹਨ ਜੋ ਥਲ ਸੈਨਾ ਦੇ ਮੁਖੀ ਬਣੇ ਹਨ। ਥਲ ਸੈਨਾ ਦੇ ਉਪ ਮੁਖੀ ਵਜੋਂ ਪਹਿਲੀ ਫਰਵਰੀ ਨੂੰ ਚਾਰਜ ਸੰਭਾਲਣ ਤੋਂ ਪਹਿਲਾਂ ਜਨਰਲ ਪਾਂਡੇ ਪੂਰਬੀ ਥਲ ਸੈਨਾ ਕਮਾਂਡ ਦੇ ਮੁਖੀ ਸਨ ਜਿਸ ਨੂੰ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ ’ਚ ਅਸਲ ਕੰਟਰੋਲ ਰੇਖਾ ’ਤੇ ਚੌਕਸੀ ਦਾ ਕੰਮ ਸੌਂਪਿਆ ਗਿਆ ਹੈ। ਜਨਰਲ ਪਾਂਡੇ ਨੇ ਅਜਿਹੇ ਸਮੇਂ ’ਚ ਥਲ ਸੈਨਾ ਦਾ ਕਾਰਜਭਾਰ ਸੰਭਾਲਿਆ ਹੈ ਜਦੋਂ ਮੁਲਕ ਨੂੰ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਸਮੇਤ ਹੋਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਜਲ ਅਤੇ ਹਵਾਈ ਸੈਨਾ ਨਾਲ ਵੀ ਤਾਲਮੇਲ ਬਣਾ ਕੇ ਕੰਮ ਕਰਨਾ ਪਵੇਗਾ। ਜਨਰਲ ਪਾਂਡੇ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਮੁਖੀ ਵੀ ਰਹੇ ਹਨ ਜੋ ਦੇਸ਼ ਦੀਆਂ ਤਿੰਨੋਂ ਸੈਨਾਵਾਂ ਦੀ ਇਕਲੌਤੀ ਕਮਾਂਡ ਹੈ। ਨੈਸ਼ਨਲ ਡਿਫੈਂਸ ਅਕੈਡਮੀ ਦੇ ਕੈਡਿਟ ਰਹੇ ਜਨਰਲ ਪਾਂਡੇ ਨੂੰ ਦਸੰਬਰ 1982 ’ਚ ਕੋਰ ਆਫ਼ ਇੰਜੀਨੀਅਰਜ਼ (ਦਿ ਬੰਬੇ ਸੈਪਰਜ਼) ’ਚ ਕਮਿਸ਼ਨ ਮਿਲਿਆ ਸੀ। ਉਧਰ ਜਨਰਲ ਐੱਮ ਐੱਮ ਨਰਵਾਣੇ ਅੱਜ 42 ਸਾਲਾਂ ਦੀ ਸੇਵਾ ਮਗਰੋਂ ਥਲ ਸੈਨਾ ਦੇ ਮੁਖੀ ਵਜੋਂ ਸੇਵਾਮੁਕਤ ਹੋ ਗਏ। ਉਨ੍ਹਾਂ ਨੂੰ ਸਾਊਥ ਬਲਾਕ ਲਾਅਨ ’ਚ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਕੌਮੀ ਜੰਗੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਫ਼ੌਜ ਮੁਖੀ ਰਹਿੰਦਿਆਂ ਜਨਰਲ ਨਰਵਾਣੇ ਵੱਲੋਂ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਜਨਰਲ ਨਰਵਾਣੇ ਅਤੇ ਉਨ੍ਹਾਂ ਦੀ ਪਤਨੀ ਵੀਨਾ ਨਰਵਾਣੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਨਾਲ ਵੀ ਰਾਸ਼ਟਰਪਤੀ ਭਵਨ ’ਚ ਮੁਲਾਕਾਤ ਕੀਤੀ। -ਪੀਟੀਆਈ