ਨਵੀਂ ਦਿੱਲੀ, 30 ਸਤੰਬਰ
ਜਨਰਲ ਅਨਿਲ ਚੌਹਾਨ ਨੇ ਅੱਜ ਭਾਰਤ ਦੇ ਦੂਜੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਦਾ ਅਹੁਦਾ ਸੰਭਾਲ ਲਿਆ। ਇਸ ਦੌਰਾਨ ਜਨਰਲ ਚੌਹਾਨ ਨੇ ਕਿਹਾ, ‘‘ਭਾਰਤੀ ਹਥਿਆਰਬੰਦ ਬਲਾਂ ਵਿੱਚ ਸਭ ਤੋਂ ਉੱਚੇ ਰੈਂਕ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਸੈਨਾ ਦੇ ਤਿੰਨੋਂ ਅੰਗਾਂ ਦੀਆਂ ਆਸਾਂ ’ਤੇ ਖਰਾ ਉਤਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਿਪਟਣ ਦੀ ਕੋਸ਼ਿਸ਼ ਕਰਾਂਗਾ।’’ ਸੀਡੀਐੱਸ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਜਨਰਲ ਚੌਹਾਨ ਨੇ ਇੰਡੀਆ ਗੇਟ ’ਤੇ ਕੌਮੀ ਜੰਗੀ ਯਾਦਗਾਰ ’ਤੇ ਦੇਸ਼ ਲਈ ਬਲੀਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਨੁਪਮਾ ਅਤੇ ਪਿਤਾ ਸੁਰਿੰਦਰ ਸਿੰਘ ਚੌਹਾਨ ਵੀ ਮੌਜੂਦ ਸਨ। ਜਨਰਲ ਚੌਹਾਨ ਨੂੰ ਰਾਇਸੀਨਾ ਹਿੱਲਸ ਵਿਖੇ ਸਾਊਥ ਬਲਾਕ ਦੇ ਲਾਅਨ ’ਚ ਤਿੰਨੋਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ, ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਅਤੇ ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਐੱਸ.ਐੱਨ. ਘੋਰਮਾੜੇ ਵੀ ਮੌਜੂਦ ਸਨ। ਉੱਧਰ, ਸੀਡੀਐੱਸ ਵੱਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਜਨਰਲ ਚੌਹਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਇਕ ਮੀਟਿੰਗ ਵੀ ਕੀਤੀ। -ਪੀਟੀਆਈ