ਨਵੀਂ ਦਿੱਲੀ, 27 ਸਤੰਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਵੱਡਾ ਭਰਾ ਅਗਰਸੈਨ ਗਹਿਲੋਤ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ’ਚ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਇਆ। ਸਰਕਾਰੀ ਸੂਤਰਾਂ ਮੁਤਾਬਕ ਖਾਦ ਬਰਾਮਦਗੀ ’ਚ ਬੇਨਿਯਮੀਆਂ ਤਹਿਤ ਉਨ੍ਹਾਂ ਦਾ ਨਾਮ ਵੀ ਜੋੜਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਦੇ ਐਕਟ ਤਹਿਤ ਕਲਮਬੰਦ ਕੀਤਾ ਗਿਆ ਹੈ। ਸੀਨੀਅਰ ਗਹਿਲੋਤ ਆਪਣੇ ਵਕੀਲ ਨਾਲ ਈਡੀ ਦੇ ਦਫ਼ਤਰ ’ਚ ਸਵੇਰੇ ਸਾਢੇ 11 ਵਜੇ ਦੇ ਕਰੀਬ ਪਹੁੰਚੇ ਸਨ। ਅਗਰਸੈਨ ਗਹਿਲੋਤ ਤੋਂ ਪਹਿਲਾਂ ਵੀ ਪੁੱਛ-ਪੜਤਾਲ ਕੀਤੀ ਗਈ ਸੀ ਪਰ ਉਹ ਈਡੀ ਦੀ ਕਾਰਵਾਈ ਤੋਂ ਰਾਹਤ ਲਈ ਅਦਾਲਤ ਕੋਲ ਪਹੁੰਚ ਗਏ ਸਨ। ਸੂਤਰਾਂ ਨੇ ਕਿਹਾ ਕਿ ਰਾਜਸਥਾਨ ਹਾਈ ਕੋਰਟ ਨੇ ਉਨ੍ਹਾਂ ਨੂੰ ਜਾਂਚ ਏਜੰਸੀ ਨਾਲ ਸਹਿਯੋਗ ਕਰਨ ਲਈ ਕਿਹਾ ਹੈ ਅਤੇ ਈਡੀ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਰਸੈਨ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਕਰੇ। ਈਡੀ ਨੇ ਪਿਛਲੇ ਸਾਲ ਜੁਲਾਈ ’ਚ ਰਾਜਸਥਾਨ ’ਚ ਉਨ੍ਹਾਂ ਦੇ ਕਾਰੋਬਾਰੀ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਇਹ ਛਾਪੇ ਉਸ ਸਮੇਂ ਮਾਰੇ ਗਏ ਸਨ ਜਦੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਕਾਰ ਸਿਆਸੀ ਖਿੱਚੋਤਾਣ ਚੱਲ ਰਹੀ ਸੀ। ਹੁਕਮਰਾਨ ਕਾਂਗਰਸ ਨੇ ਕਿਹਾ ਸੀ ਕਿ ਉਹ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਤੋਂ ਨਹੀਂ ਡਰਦੇ ਹਨ। ਇਸ ਕੇਸ ’ਚ ਅਗਰਸੈਨ ਦਾ ਪੁੱਤਰ ਅਨੁਪਮ ਵੀ ਈਡੀ ਅੱਗੇ ਪੇਸ਼ ਹੋ ਚੁੱਕਿਆ ਹੈ। -ਪੀਟੀਆਈ