ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਫ਼ਲ ਐਂਜੀਓਪਲਾਸਟੀ ਤੋਂ ਬਾਅਦ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਸਵਾਈ ਮਾਨ ਸਿੰਘ ਹਸਪਤਾਲ ਵਿਚ ਦਾਖਲ ਸਨ। ਉਨ੍ਹਾਂ ਦਾ ਅਪਰੇਸ਼ਨ ਸ਼ੁੱਕਰਵਾਰ ਹੋਇਆ ਸੀ। 70 ਸਾਲਾ ਕਾਂਗਰਸ ਆਗੂ ਨੂੰ ਅਗਲੇ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਹ ਆਪਣੀ ਰਿਹਾਇਸ਼ ਉਤੇ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ। ਛੁੱਟੀ ਮਿਲਣ ’ਤੇ ਅੱਜ ਮੁੱਖ ਮੰਤਰੀ ਨੇ ਹਸਪਤਾਲ ਵਿਚ ਕੁਝ ਮਰੀਜ਼ਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਡਾਕਟਰਾਂ, ਸਟਾਫ਼ ਤੇ ਹੋਰਾਂ ਦਾ ਧੰਨਵਾਦ ਕੀਤਾ। ਗਹਿਲੋਤ ਇਸੇ ਸਾਲ ਅਪਰੈਲ ਵਿਚ ਕਰੋਨਾ ਪਾਜ਼ੇਟਿਵ ਵੀ ਹੋ ਗਏ ਸਨ। ਮਈ ਵਿਚ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਪ੍ਰੇਸ਼ਾਨੀ ਆਈ ਸੀ। ਉਨ੍ਹਾਂ ਛਾਤੀ ਤੇ ਗਰਦਨ ਵਿਚ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ। -ਪੀਟੀਆਈ