ਨਾਸਿਕ/ਮੁੰਬਈ, 21 ਅਪਰੈਲ
ਮਹਾਰਾਸ਼ਟਰ ਦੇ ਨਾਸਿਕ ਦੇ ਇੱਕ ਹਸਪਤਾਲ ਦੇ ਆਕਸੀਜਨ ਭੰਡਾਰਨ ਪਲਾਂਟ ’ਚ ਲੀਕੇਜ ਤੋਂ ਬਾਅਦ ਆਕਸੀਜਨ ਸਪਲਾਈ ਬੰਦ ਹੋਣ ਦੀ ਘਟਨਾ ’ਚ ਮ੍ਰਿਤਕਾਂ ਦੀ ਗਿਣਤੀ 24 ਹੋ ਗਈ ਹੈ। ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋ ਹੋਰ ਮਰੀਜ਼ ਜੋ ਵੈਂਟੀਲੇਟਰ ’ਤੇ ਸਨ, ਉਨ੍ਹਾਂ ਦੀ ਸ਼ਾਮ ਨੂੰ ਮੌਤ ਹੋ ਗਈ ਹੈ। ਦਿਨੇ ਟੈਂਕ ਰਿਸਣ ਕਾਰਨ ਸਪਲਾਈ ਬੰਦ ਹੋਣ ਮਗਰੋਂ ਉਨ੍ਹਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲ ਸਕੀ। ਇਸ ਤੋਂ ਪਹਿਲਾਂ ਦਿਨੇ ਮਹਾਰਾਸ਼ਟਰ ਦੇ ਨਾਸਿਕ ’ਚ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਡਾ. ਜ਼ਾਕਿਰ ਹੁਸੈਨ ਹਸਪਤਾਲ ਦੀ ਭੰਡਾਰਨ ਯੁਨਿਟ ’ਚ ਲੀਕੇਜ ਮਗਰੋਂ ਆਕਸੀਜਨ ਸਪਲਾਈ ਬੰਦ ਹੋਣ ਨਾਲ ਨਾਲ 22 ਮਰੀਜ਼ਾਂ ਦੀ ਮੌਤ ਹੋ ਗਈ ਸੀ। ਹਸਪਤਾਲ ’ਚ ਕੁੱਲ 150 ਮਰੀਜ਼ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਘਟਨਾ ’ਚ ਮਾਰੇ ਗਏ 22 ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਉਨ੍ਹਾਂ ਘਟਨਾ ਦੀ ਜਾਂਚ ਕਰਵਾਉਣ ਦੀ ਵੀ ਗੱਲ ਕਹੀ। ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ। -ਏਜੰਸੀ