ਨਵੀਂ ਦਿੱਲੀ, 1 ਸਤੰਬਰ
ਮੁੱਖ ਅੰਸ਼
- ਕਮਰਸ਼ੀਅਲ ਸਿਲੰਡਰ ਦੀ ਕੀਮਤ ਵੀ 75 ਰੁਪਏ ਵਧੀ
ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ ਪੂਰੇ ਮੁਲਕ ਵਿਚ 25 ਰੁਪਏ ਵਧ ਗਈ ਹੈ। ਸਾਰੇ ਵਰਗਾਂ ਦੇ ਸਿਲੰਡਰਾਂ ਦੀ ਕੀਮਤ ਵਧਾਈ ਗਈ ਹੈ। ਇਸ ਵਿਚ ਸਬਸਿਡੀ ਵਾਲੇ ਸਿਲੰਡਰ ਵੀ ਸ਼ਾਮਲ ਹਨ। ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਗੈਸ ਦੀ ਕੀਮਤ ’ਚ ਇਹ ਤੀਜਾ ਸਿੱਧਾ ਵਾਧਾ ਕੀਤਾ ਗਿਆ ਹੈ। ਸਬਸਿਡੀ ਤੇ ਗ਼ੈਰ-ਸਬਸਿਡੀ ਸਿਲੰਡਰ (14.2 ਕਿਲੋਗ੍ਰਾਮ) ਹੁਣ ਦਿੱਲੀ ਵਿਚ 884.50 ਰੁਪਏ ਵਿਕ ਰਿਹਾ ਹੈ। ਇਸ ਤੋਂ ਪਹਿਲਾਂ ਪਹਿਲੀ ਜੁਲਾਈ ਨੂੰ ਐਲਪੀਜੀ ਸਿਲੰਡਰ ਦੀ ਕੀਮਤ 25.50 ਰੁਪਏ ਵਧਾਈ ਗਈ ਸੀ। ਗ਼ੈਰ-ਸਬਸਿਡੀ ਸਿਲੰਡਰ ਦੀ ਕੀਮਤ ਪਹਿਲੀ ਅਗਸਤ ਨੂੰ 25 ਰੁਪਏ ਤੇ 18 ਅਗਸਤ ਨੂੰ ਵੀ ਐਨੀ ਹੀ ਵਧਾਈ ਗਈ ਸੀ। ਉਦਯੋਗ ਜਗਤ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਪਹਿਲੀ ਅਗਸਤ ਨੂੰ ਨਹੀਂ ਵਧਾਈ ਗਈ ਸੀ ਕਿਉਂਕਿ ਸੰਸਦ ਦਾ ਇਜਲਾਸ ਚੱਲ ਰਿਹਾ ਸੀ। ਸਰਕਾਰ ਨੂੰ ਲੱਗਦਾ ਸੀ ਕਿ ਵਿਰੋਧੀ ਧਿਰ ਕੀਮਤ ਵਿਚ ਵਾਧੇ ਨੂੰ ਮੁੱਦਾ ਬਣਾ ਸਕਦੀ ਹੈ। ਤਾਜ਼ਾ ਵਾਧੇ ਨਾਲ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਕੀਤਾ ਗਿਆ ਵਾਧਾ 190 ਰੁਪਏ ਹੋ ਗਿਆ ਹੈ। ਸਰਕਾਰੀ ਨੀਤੀ ਹੈ ਕਿ ਇਕ ਘਰ ਲਈ 12 ਸਿਲੰਡਰ (14.2 ਕਿਲੋ ਵਾਲੇ) ਸਬਸਿਡੀ ਉਤੇ ਦਿੱਤੇ ਜਾਣਗੇ ਜਾਂ ਮਾਰਕੀਟ ਕੀਮਤ ਤੋਂ ਘੱਟ ਕੀਮਤ ਉਤੇ ਦਿੱਤੇ ਜਾਣਗੇ। ਇਸ ਤੋਂ ਵੱਧ ਸਿਲੰਡਰ ਮਾਰਕੀਟ ਰੇਟ ਜਾਂ ਬਿਨਾਂ ਸਬਸਿਡੀ ਲੈਣੇ ਪੈਣਗੇ। ਜਦਕਿ ਮਹੀਨਾਵਾਰ ਵਧੀਆਂ ਕੀਮਤਾਂ ਨੇ ਸਬਸਿਡੀ ਮੁਕਾ ਦਿੱਤੀ ਹੈ। ਇਨ੍ਹਾਂ ਮਹੀਨਾਵਾਰ ਵਾਧਿਆਂ ਕਾਰਨ ਮਈ 2020 ਤੋਂ ਸਬਸਿਡੀ ਖ਼ਤਮ ਹੋ ਗਈ ਸੀ। ਦੂਰ-ਦਰਾਜ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿਚ ਸਬਸਿਡੀ ਤੇ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਲਗਭਗ ਬਰਾਬਰ ਹੀ ਹੋ ਗਈ ਹੈ। ਮੁੰਬਈ ਵਿਚ ਸਿਲੰਡਰ ਹੁਣ 884.50 ਰੁਪਏ, ਕੋਲਕਾਤਾ ਵਿਚ 911 ਰੁਪਏ ਮਿਲ ਰਿਹਾ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 75 ਰੁਪਏ ਵਧ ਗਈ ਹੈ। ਇਹ ਦਿੱਲੀ ਵਿਚ ਹੁਣ 1693 ਰੁਪਏ ਦਾ ਮਿਲ ਰਿਹਾ ਹੈ। ਇਸੇ ਦੌਰਾਨ ਹਫ਼ਤੇ ਤੋਂ ਸਥਿਰ ਤੇਲ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਪੈਟਰੋਲ ਦੀ ਕੀਮਤ ਵਿਚ 10 ਪੈਸੇ ਤੇ ਡੀਜ਼ਲ ਦੀ ਕੀਮਤ ਵਿਚ 14 ਪੈਸੇ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ਵਿਚ ਪੈਟਰੋਲ ਹੁਣ 101.34 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 88.77 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। -ਪੀਟੀਆਈ