ਬਰੇਲੀ (ਯੂਪੀ), 17 ਜੁਲਾਈ
ਇੱਥੇ ਬਿਥਰੀ ਚੈਨਪੁਰਾ ਖੇਤਰ ਵਿੱਚ ਚਾਰ ਵਿਅਕਤੀਆਂ ਵੱਲੋਂ 12 ਸਾਲ ਦੀ ਇੱਕ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਅਗ਼ਵਾ ਕਰ ਕੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਹੈ। ਸੱਤਵੀਂ ਵਿੱਚ ਪੜ੍ਹਦੀ ਇਸ ਲੜਕੀ ਨੂੰ ਚਾਰ ਵਿਅਕਤੀਆਂ ਨੇ ਅਗ਼ਵਾ ਕਰ ਕੇ ਬੰਧਕ ਬਣਾ ਲਿਆ ਅਤੇ ਫਿਰ ਜਬਰ-ਜਨਾਹ ਕੀਤਾ। ਅਗਵਾਕਾਰਾਂ ਨੇ ਸ਼ਨਿਚਰਵਾਰ ਸਵੇਰੇ ਲੜਕੀ ਨੂੰ ਸਾਹਦਾਨਾ ਕਰਾਸਿੰਗ ’ਤੇ ਛੱਡ ਦਿੱਤਾ, ਜਿੱਥੋਂ ਉਹ ਆਪਣੇ ਘਰ ਪਹੁੰਚੀ ਅਤੇ ਮਾਤਾ-ਪਿਤਾ ਨੂੰ ਇਸ ਘਟਨਾ ਬਾਰੇ ਦੱਸਿਆ। ਪੀੜਤ ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਨੇ ਪਹਿਲਾਂ ਕੇਸ ਵਿੱਚ ਜਬਰ-ਜਨਾਹ ਦੀ ਧਾਰਾ ਜੋੜਨ ਤੋਂ ਇਨਕਾਰ ਕਰ ਦਿੱਤਾ ਸੀ। ਸੱਜੇ ਪੱਖੀ ਹਿੰਦੂ ਜਥੇਬੰਦੀਆਂ ਵੱਲੋਂ ਅੱਜ ਕੀਤੇ ਪ੍ਰਦਰਸ਼ਨ ਮਗਰੋਂ ਪੁਲੀਸ ਨੇ ਐੱਫਆਈਆਰ ਵਿੱਚ ਜਬਰ-ਜਨਾਹ ਦੀ ਧਾਰਾ ਜੋੜੀ। ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ