ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਆਬਾਦ ਵਿੱਚ ਜਾਇਦਾਦ ਵਿਵਾਦ ਨੂੰ ਲੈ ਕੇ ਪੰਜ ਵਿਅਕਤੀਆਂ ਨੇ ਇਕ 36 ਸਾਲਾ ਮਹਿਲਾ ਨਾਲ ਜਬਰ-ਜਨਾਹ ਕੀਤਾ। ਮੁਲਜ਼ਮਾਂ ਵਿੱਚੋਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਅਧਿਕਾਰੀਆਂ ਅਨੁਸਾਰ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਮਹਿਲਾ ਦੀ ਹਾਲਤ ਸਥਿਰ ਹੈ ਅਤੇ ਅਜੇ ਤੱਕ ਕਿਸੇ ਅੰਦਰੂਨੀ ਸੱਟ ਦੀ ਪੁਸ਼ਟੀ ਨਹੀਂ ਹੋਈ ਹੈ। ਹਸਪਤਾਲ ਵਿਚਲੇ ਸੂਤਰਾਂ ਅਨੁਸਾਰ ਮਹਿਲਾ ਦੇ ਜਿਨਸੀ ਸ਼ੋਸ਼ਣ ਦੇ ਸੰਕੇਤ ਮਿਲੇ ਹਨ ਅਤੇ ਪੀੜਤਾ ਦੇ ਸਰੀਰ ਵਿੱਚ ਬਾਹਰਲੇ ਤੱਤ ਪਾਏ ਗਏ ਹਨ। ਇਸ ਤੋਂ ਪਹਿਲਾਂ ਦਿਨ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ ਇਸ ਸਬੰਧ ਵਿੱਚ ਗਾਜ਼ੀਆਬਾਦ ਪੁਲੀਸ ਨੂੰ ਇਕ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਨਿਰਭਯਾ ਕੇਸ ਚੇਤੇ ਕਰਵਾ ਦਿੱਤਾ ਹੈ।
ਦਿੱਲੀ ਮਹਿਲਾ ਕਮਿਸ਼ਨ ਨੇ ਕਿਹਾ, ‘‘ਦਿੱਲੀ ਦੀ ਵਸਨੀਕ ਇਕ ਮਹਿਲਾ ਜੂਟ ਦੇ ਇਕ ਬੈਗ ਵਿੱਚ ਲਿਪਟੀ ਮਿਲੀ ਸੀ। ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਉਸ ਦੇ ਗੁਪਤ ਅੰਗ ਵਿੱਚ ਲੋਹੇ ਦੀ ਰਾਡ ਸੀ।’’
ਗਾਜ਼ੀਆਬਾਦ ਦੇ ਐੱਸਪੀ (ਸਿਟੀ-1) ਨਿਪੁਣ ਅਗਰਵਾਲ ਮੁਤਾਬਕ, ਨੰਦਗ੍ਰਾਮ ਪੁਲੀਸ ਥਾਣੇ ਦੇ ਐਮਰਜੈਂਸੀ ਹੈਲਪਲਾਈਨ ਨੰਬਰ 112 ’ਤੇ 18 ਅਕਤੂਬਰ ਨੂੰ ਤੜਕੇ ਕਰੀਬ 03.30 ਵਜੇ ਫੋਨ ਆਇਆ। ਫੋਨ ਕਰਨ ਵਾਲੇ ਨੇ ਦੱਸਿਆ ਕਿ ਇਕ ਮਹਿਲਾ ਆਸ਼ਰਮ ਰੋਡ ’ਤੇ ਪਈ ਹੈ। ਐੱਸਪੀ ਨੇ ਦੱਸਿਆ ਕਿ ਪੁਲੀਸ ਮਹਿਲਾ ਨੂੰ ਨੇੜਲੇ ਇਕ ਹਸਪਤਾਲ ਵਿੱਚ ਲੈ ਗਈ ਪਰ ਪੀੜਤਾ ਨੇ ਜ਼ੋਰ ਦਿੱਤਾ ਕਿ ਉਸ ਨੂੰ ਦਿੱਲੀ ਵਿੱਚ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ। ਇਸ ’ਤੇ ਉਸ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ।
ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਮਹਿਲਾ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਉਹ ਆਪਣੇ ਭਰਾ ਦਾ ਜਨਮ ਦਿਨ ਮਨਾਉਣ ਲਈ ਗੁਰੂਗ੍ਰਾਮ ਵਿੱਚ ਸੀ। ਐੱਸਪੀ ਅਨੁਸਾਰ ਉਸ ਦੇ ਭਰਾ ਨੇ ਉਸ ਨੂੰ ਵਾਪਸ ਘਰ ਛੱਡ ਦਿੱਤਾ ਅਤੇ ਕੁਝ ਲੋਕ ਜੋ ਕਿ ਪੀੜਤਾ ਨੂੰ ਜਾਣਦੇ ਸਨ, ਉਸ ਨੂੰ ਉੱਥੋਂ ਚੁੱਕ ਕੇ ਲੈ ਗਏ।
ਅਗਰਵਾਲ ਨੇ ਕਿਹਾ, ‘‘ਪਹਿਲਾਂ, ਪੀੜਤਾ ਨੇ ਕਿਹਾ ਕਿ ਉਸ ਨੂੰ ਚੁੱਕ ਕੇ ਲਿਜਾਣ ਵਾਲੇ ਦੋ ਵਿਅਕਤੀ ਸਨ ਪਰ ਬਾਅਦ ਵਿੱਚ ਉਸ ਨੇ ਦੱਸਿਆ ਕਿ ਉਸ ਨਾਲ ਪੰਜ ਵਿਅਕਤੀਆਂ ਨੇ ਜਬਰ-ਜਨਾਹ ਕੀਤਾ ਹੈ। ਉਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀੜਤਾ ਤੇ ਮੁਲਜ਼ਮਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਸ ਸਬੰਧੀ ਪਹਿਲਾਂ ਹੀ ਇਕ ਮੁਕੱਦਮਾ ਕੜਕੜਡੂਮਾ ਅਦਾਲਤ ਵਿੱਚ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।’’
ਜੀਟੀਬੀ ਹਸਪਤਾਲ ਦੇ ਮੀਡੀਆ ਤਰਜਮਾਨ ਡਾ. ਰਜਤ ਝਾਂਬ ਨੇ ਇਕ ਬਿਆਨ ਵਿੱਚ ਕਿਹਾ ਕਿ ਮਹਿਲਾ ਨੂੰ ਮੰਗਲਵਾਰ ਸਵੇਰੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਅਹਿਮ ਅੰਗਾਂ ਦੀ ਹਾਲਤ ਸਥਿਰ ਸੀ। ਉਨ੍ਹਾਂ ਕਿਹਾ, ‘‘ਅਜੇ ਤੱਕ ਕੋਈ ਅੰਦਰੂਨੀ ਸੱਟ ਨਹੀਂ ਪਾਈ ਗਈ ਹੈ। ਉਹ ਮਹਿਲਾ ਰੋਗ ਵਿਭਾਗ ਵਿੱਚ ਦਾਖਲ ਹੈ ਅਤੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਹੋਇਆ ਹੈ।’’
ਦਿੱਲੀ ਮਹਿਲਾ ਕਮਿਸ਼ਨ ਅਨੁਸਾਰ ਪੀੜਤਾ ਨਾਲ ਕਥਿਤ ਤੌਰ ’ਤੇ ਦੋ ਦਿਨਾਂ ਤੱਕ ਜਬਰ-ਜਨਾਹ ਤੇ ਤਸ਼ੱਦਦ ਕੀਤਾ ਗਿਆ। ਇਸ ਸਬੰਧ ਵਿੱਚ ਗਾਜ਼ੀਆਬਾਦ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ ਕਰ ਕੇ ਕਾਰਵਾਈ ਰਿਪੋਰਟ, ਐੱਫਆਈਆਰ ਦੀ ਕਾਪੀ ਦੇ ਨਾਲ ਗ੍ਰਿਫ਼ਤਾਰੀਆਂ ਦੇ ਵੇਰਵੇ ਮੰਗੇ ਗਏ ਹਨ।
ਮਾਲੀਵਾਲ ਨੇ ਕਿਹਾ, ‘‘ਘਟਨਾ ਬਹੁਤ ਹੀ ਭਿਆਨਕ ਤੇ ਪ੍ਰੇਸ਼ਾਨ ਕਰਨ ਵਾਲੀ ਹੈ। ਇਸ ਨੇ ਮੈਨੂੰ ਨਿਰਭਿਆ ਕਾਂਡ ਦੀ ਯਾਦ ਦਿਵਾ ਦਿੱਤੀ। ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਇਹ ਸਮਝਣ ਵਿੱਚ ਅਸਫਲ ਰਹੀ ਹਾਂ ਕਿ ਕਦੋਂ ਤੱਕ ਔਰਤਾਂ ਤੇ ਬੱਚੇ ਅਜਿਹੀ ਅਤਿ ਦੀ ਬੇਰਹਿਮੀ ਦਾ ਸ਼ਿਕਾਰ ਹੁੰਦੇ ਰਹਿਣਗੇ। -ਪੀਟੀਆਈ