ਨਵੀਂ ਦਿੱਲੀ/ਚੇਨੱਈ, 22 ਅਗਸਤ
ਤਾਮਿਲਨਾਡੂ ਤੋਂ ਭਾਜਪਾ ਦੇ ਸੀਨੀਅਰ ਆਗੂ ਲਾ. ਗਣੇਸ਼ਨ ਨੂੰ ਅੱਜ ਮਣੀਪੁਰ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਨਜਮਾ ਹੈਪਤੁੱਲ੍ਹਾ ਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਸੇਵਾਮੁਕਤੀ ਮਗਰੋਂ ਮਣੀਪੁਰ ਦੇ ਰਾਜਪਾਲ ਦਾ ਅਹੁਦਾ ਖ਼ਾਲੀ ਹੋ ਗਿਆ ਸੀ। ਰਾਸ਼ਟਰਪਤੀ ਭਵਨ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਗਣੇਸ਼ਨ ਮਣੀਪੁਰ ਦੇ ਨਵੇਂ ਰਾਜਪਾਲ ਹੋਣਗੇ। ਦੱਸਣਯੋਗ ਹੈ ਕਿ ਹੈਪਤੁੱਲ੍ਹਾ 10 ਅਗਸਤ ਨੂੰ ਸੇਵਾਮੁਕਤ ਹੋ ਗਈ ਸੀ ਅਤੇ ਇਸੇ ਦਿਨ ਮਣੀਪੁਰ ਦੇ ਰਾਜਪਾਲ ਦਾ ਚਾਰਜ ਸਿੱਕਮ ਦੇ ਰਾਜਪਾਲ ਗੰਗਾ ਪ੍ਰਸਾਦ ਨੂੰ ਸੌਂਪਿਆ ਗਿਆ ਸੀ। ਇਸੇ ਦੌਰਾਨ ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਅੱਜ ਮਣੀਪੁਰ ਦੇ ਨਵੇਂ ਬਾਰਪਾਲ ਐੱਲ. ਗਣੇਸ਼ਨ ਨੂੰ ਵਧਾਈ ਦਿੱਤੀ ਹੈ। ਸ੍ਰੀ ਸਟਾਲਿਨ ਨੇ ਆਖਿਆ ਕਿ ਸ੍ਰੀ ਗਣੇਸ਼ਨ ਨੂੰ ਰਾਜਨੀਤੀ ਦੇ ਖੇਤਰ ਲੰਮਾ ਤਜਰਬਾ ਹੈ। ਸ੍ਰੀ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਗਣੇਸ਼ਨ ਮਣੀਪੁਰ ਦੇ ਰਾਜਪਾਲ ਨਿਯੁਕਤ ਹੋਏ ਹਨ। ਉਨ੍ਹਾਂ ਨੇ ਸ੍ਰੀ ਗਣੇਸ਼ਨ ਨੂੰ ਮਣੀਪੁਰ ਦੇ ਲੋਕਾਂ ਦੀ ਸੇਵਾ ਕਰਨ ਤੇ ਉਨ੍ਹਾਂ ਦੇ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਤਿਲੰਗਾਨਾ ਦੀ ਰਾਜਪਾਲ ਤੇ ਪੁੱਡੂਚੇਰੀ ਦੀ ਉਪ ਰਾਜਪਾਲ ਤਮਿਲੀਸਈ ਸੌਂਦਰਾਰਾਜਨ ਨੇ ਵੀ ਸ੍ਰੀ ਗਣੇਸ਼ਨ ਨੂੰ ਵਧਾਈ ਦਿੱਤੀ ਹੈ। -ਪੀਟੀਆਈ