ਭਰਤੇਸ਼ ਸਿੰਘ ਠਾਕੁਰ
ਮੁੱਖ ਅੰਸ਼
- ਪੀਜੀਆਈ ਰੋਹਤਕ ਨੇ ਮੇਡਨ ਫਾਰਮਾ ਦੀ ਦਵਾਈ ਵਰਤਣੀ ਬੰਦ ਕੀਤੀ
- ਡਬਲਿਊਐਚਓ ਦੀ ਰਿਪੋਰਟ ਦੀ ਸਮੀਖਿਆ ਲਈ ਕਮੇਟੀ ਕਾਇਮ
ਚੰਡੀਗੜ੍ਹ, 13 ਅਕਤੂਬਰ
ਸੋਨੀਪਤ ਅਧਾਰਿਤ ਮੇਡਨ ਫਾਰਮਾ ਵੱਲੋਂ ਬਣਾਏ ਜਾ ਰਹੇ ਸਿਰਪ ਵਿਚ ਵਰਤਿਆ ਜਾ ਰਿਹਾ ਪ੍ਰੋਪਾਇਲੀਨ ਗਲਾਈਕੋਲ ਦਿੱਲੀ ਦੇ ਇਕ ਵਪਾਰੀ ਵੱਲੋਂ ਸਪਲਾਈ ਕੀਤਾ ਜਾ ਰਿਹਾ ਸੀ। ਇਸ ਸਿਰਪ ਕਾਰਨ ਗਾਂਬੀਆ ਵਿਚ 66 ਬੱਚਿਆਂ ਦੀ ਮੌਤ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਪ੍ਰੋਪਾਇਲੀਨ ਗਲਾਈਕੋਲ ਇਕ ਤਰ੍ਹਾਂ ਦਾ ਤਰਲ ਹੈ ਜੋ ਦਵਾਈਆਂ ਵਿਚ ਮਿਲਾਇਆ ਜਾਂਦਾ ਹੈ। ਜੇਕਰ ਇਸ ਵਿਚ ਡਾਇਥਾਇਲੀਨ ਗਲਾਈਕੋਲ ਤੇ ਇਥਾਇਲੀਨ ਗਲਾਈਕੋਲ ਮਿਲਾ ਦਿੱਤਾ ਜਾਵੇ ਤਾਂ ਉਹ ਮਰੀਜ਼ ਲਈ ਜਾਨਲੇਵਾ ਸਿੱਧ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸੋਨੀਪਤ ਦੀ ਕੰਪਨੀ ’ਤੇ ਪਏ ਛਾਪਿਆਂ ਤੋਂ ਬਾਅਦ ਤਰਲ ਸਪਲਾਈ ਕਰਨ ਵਾਲਾ ਵਪਾਰੀ ਜਾਂਚ ਦੇ ਘੇਰੇ ਵਿਚ ਆ ਗਿਆ ਹੈ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਸੰਗਠਨ ਤੇ ਐਫਡੀਏ ਹਰਿਆਣਾ ਨੂੰ ਜਾਂਚ ਵਿਚ ਮਿਲਿਆ ਹੈ ਕਿ ਪ੍ਰੋਪਾਇਲੀਨ ਗਲਾਈਕੋਲ ਦੇ ਖ਼ਰੀਦ ਬਿੱਲਾਂ ਉਤੇ ਬੈਚ ਨੰਬਰ, ਨਿਰਮਾਤਾ ਦਾ ਨਾਂ ਤੇ ਨਿਰਮਾਣ ਦੀ ਤਰੀਕ ਅਤੇ ਮਿਆਦ (ਐਕਸਪਾਇਰੀ) ਨਹੀਂ ਲਿਖੀ ਗਈ ਸੀ। ਸੋਨੀਪਤ ਦੀ ਕੰਪਨੀ ਤੋਂ ਪੁੱਛਗਿੱਛ ਦੌਰਾਨ ਦਿੱਲੀ ਦੇ ਸਮਯਪੁਰ ਸਥਿਤ ਕੰਪਨੀ ਗੋਇਲ ਫਾਰਮਾ ਕੈਮ. ਦਾ ਨਾਂ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦਿੱਲੀ ਦੀ ਵਪਾਰਕ ਇਕਾਈ ’ਤੇ ਛਾਪੇ ਮਾਰੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੋਇਲ ਫਾਰਮਾ ਨੇ ਇਹ ਤਰਲ ਇਕ ਹੋਰ ਵਪਾਰੀ ਤੋਂ ਲਿਆ ਸੀ। ਜਿਸ ਕੰਪਨੀ ਤੋਂ ਇਹ ਲਿਆ ਗਿਆ ਸੀ, ਉਹ ਦੱਖਣੀ ਕੋਰੀਆ ਦੀ ਹੈ। ਹਾਲਾਂਕਿ ਦਿੱਲੀ ਦੀ ਫਰਮ ਨੇ ਕਿਹਾ ਕਿ ਸੋਨੀਪਤ ਦੀ ਕੰਪਨੀ ਨੂੰ ਸਾਰਾ ਤਰਲ ਉਨ੍ਹਾਂ ਹੀ ਸਪਲਾਈ ਨਹੀਂ ਕੀਤਾ। ਇਸੇ ਦੌਰਾਨ ਪੀਜੀਆਈ ਰੋਹਤਕ ਨੇ ਮੇਡਨ ਫਾਰਮਾ ਵੱਲੋਂ ਬਣਾਈ ਜਾਂਦੀ ਦਵਾਈ ਓਮੇਪਰਾਜ਼ੋਲ 20 ਐਮਜੀ ਨੂੰ ਵਰਤਣਾ ਬੰਦ ਕਰ ਦਿੱਤਾ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਗਾਂਬੀਆ ਦੇ ਹਮਰੁਤਬਾ ਨਾਲ ਸੰਵੇਦਨਾ ਪ੍ਰਗਟ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਗਾਂਬੀਆ ਦੇ ਆਪਣੇ ਹਮਰੁਤਬਾ ਮਾਮਾਡੋਊ ਟੰਗਾਰਾ ਨਾਲ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਗਾਂਬੀਆ ਦੇ ਮੰਤਰੀ ਨਾਲ ਬੱਚਿਆਂ ਦੀਆਂ ਮੌਤਾਂ ’ਤੇ ਸੰਵੇਦਨਾ ਜ਼ਾਹਿਰ ਕੀਤੀ ਹੈ। ਕੇਂਦਰ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਂਝੀ ਕੀਤੀ ਰਿਪੋਰਟ ਦੇ ਅਧਿਐਨ ਤੇ ਸਮੀਖਿਆ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ।