ਨਵੀਂ ਦਿੱਲੀ, 2 ਫਰਵਰੀ
ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਰਾਜ ਸਭਾ ਵਿਚ ਕਿਹਾ ਕਿ ਉਹ ਮਹਾਰਾਸ਼ਟਰ ਦੇ ਪਰਬਨੀ ਵਿਚ ਕੌਮੀ ਸ਼ਾਹਰਾਹ ਦੇ ਘਟੀਆ ਨਿਰਮਾਣ ਦੇ ਸਬੰਧ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਆਗੂ ਫ਼ੌਜ਼ੀਆ ਖਾਨ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਗੌਰ ਕਰਨਗੇ।
ਫ਼ੌਜ਼ੀਆ ਖਾਨ ਨੇ ਪ੍ਰਸ਼ਨ ਕਾਲ ਦੌਰਾਨ ਇਕ ਪੂਰਕ ਸਵਾਲ ਕਰਦੇ ਹੋਏ ਪਰਬਨੀ ਕੋਲ ਕੌਮੀ ਸ਼ਾਹਰਾਹ ਨੰਬਰ 752ਕੇ ਦੀ ਘਟੀਆ ਗੁਣਵੱਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਸ਼ਾਹਰਾਹਾਂ ਦਾ ਨਿਰਮਾਣ ਹਮੇਸ਼ਾ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ ਪਰ ਕਈ ਥਾਈਂ ਦੇਖਿਆ ਗਿਆ ਹੈ ਕਿ ਠੇਕੇਦਾਰਾਂ ਤੇ ਸਰਕਾਰੀ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਲਈ ਕਾਫੀ ਗੁੰਜਾਇਸ਼ ਛੱਡ ਦਿੱਤੀ ਹੈ ਅਤੇ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ ਹੈ।
ਐੱਨਸੀਪੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਗੰਗਾਖੇੜ ਤੋਂ ਪਰਬਨੀ ਵਿਚਾਲੇ ਕੌਮੀ ਸ਼ਾਹਰਾਹ ਨੰਬਰ 752ਕੇ ਦੀ ਗੁਣਵੱਤਾ ਸਬੰਧੀ ਸ਼ਿਕਾਇਤ ਦਿੱਤੀ ਸੀ ਅਤੇ ਉੱਥੇ ਸੜਕ ਵਿਚ ਦਰਾੜਾਂ ਬਣ ਗਈਆਂ ਹਨ। ਇਸ ’ਤੇ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਸੂਬੇ ਦਾ ਲੋਕ ਨਿਰਮਾਣ ਵਿਭਾਗ ਸ਼ਾਹਰਾਹਾਂ ਲਈ ਜ਼ਿੰਮੇਵਾਰ ਅਤੇ ਕਾਰਜਕਾਰੀ ਏਜੰਸੀ ਹੈ। ਉਨ੍ਹਾਂ ਕਿਹਾ ਕਿ ਐੱਨਸੀਪੀ ਮੈਂਬਰ ਪਹਿਲਾਂ ਹੀ ਇਸ ਪ੍ਰਾਜੈਕਟ ਦੀ ਗੁਣਵੱਤਾ ਬਾਰੇ ਸ਼ਿਕਾਇਤ ਦੇ ਚੁੱਕੀ ਹੈ। ਗਡਕਰੀ ਨੇ ਕਿਹਾ ਕਿ ਉਹ ਇਸ ਬਾਰੇ ਮੁੜ ਤੋਂ ਗੌਰ ਕਰਨਗੇ। -ਪੀਟੀਆਈ