ਨਵੀਂ ਦਿੱਲੀ, 8 ਅਕਤੂਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਐਕਸਪ੍ਰੈੱਸ ਮਾਰਗਾਂ ਉਤੇ ਵੱਧ ਤੋਂ ਵੱਧ ਸਪੀਡ 140 ਕਿਲੋਮੀਟਰ ਪ੍ਰਤੀ ਘੰਟਾ ਕਰਨ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਇਕ ਬਿੱਲ ਜਲਦੀ ਹੀ ਸੰਸਦ ਵਿਚ ਲਿਆਂਦਾ ਜਾਵੇਗਾ ਜੋ ਕਿ ਰਫ਼ਤਾਰ ਦੀ ਹੱਦ ਵਧਾਉਣ ਬਾਰੇ ਹੋਵੇਗਾ। ਵੱਖ-ਵੱਖ ਵਰਗ ਦੀਆਂ ਸੜਕਾਂ ਉਤੇ ਵਾਹਨਾਂ ਦੀ ਗਤੀ ਦੀ ਹੱਦ ਨੂੰ ਬਿੱਲ ਲਿਆ ਕੇ ਨਵੇਂ ਸਿਰਿਓਂ ਤੈਅ ਕੀਤਾ ਜਾਵੇਗਾ। ਸੜਕੀ ਆਵਾਜਾਈ ਤੇ ਰਾਜ ਮਾਰਗਾਂ ਬਾਰੇ ਮੰਤਰੀ ਨੇ ਕਿਹਾ ਕਿ ਮਾਨਸਿਕਤਾ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਜੇ ਕਾਰ ਦੀ ਸਪੀਡ ਜ਼ਿਆਦਾ ਹੋਵੇ ਤਾਂ ਹਾਦਸੇ ਵਾਪਰਦੇ ਹਨ। ਉਨ੍ਹਾਂ ਆਪਣੀ ਰਾਇ ਰੱਖਦਿਆਂ ਕਿਹਾ ਕਿ ਐਕਸਪ੍ਰੈੱਸਵੇਅ ਉਤੇ ਵਾਹਨ ਦੀ ਗਤੀ 140 ਤੱਕ ਵਧਾਉਣੀ ਚਾਹੀਦੀ ਹੈ। ਇਕ ਸੰਮੇਲਨ ਵਿਚ ਗਡਕਰੀ ਨੇ ਕਿਹਾ ਕਿ ਚਹੁੰ ਮਾਰਗੀ ਕੌਮੀ ਮਾਰਗਾਂ ਉਤੇ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਜਦਕਿ ਸ਼ਹਿਰਾਂ ਦੀਆਂ ਸੜਕਾਂ ਤੇ ਦੋ ਲੇਨਾਂ ਵਾਲੇ ਰੋਡ ਉਤੇ ਸਪੀਡ 75 ਤੇ 80 ਕਿਲੋਮੀਟਰ ਤੱਕ ਹੋ ਸਕਦੀ ਹੈ। -ਪੀਟੀਆਈ