ਨਵੀਂ ਦਿੱਲੀ: ਜੀ7 ਸਿਖ਼ਰ ਸੰਮੇਲਨ ਲਈ ਜਰਮਨੀ ਦੀ ਆਪਣੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਸਮੂਹ ਅਤੇ ਇਸ ਦੇ ਭਾਈਵਾਲਾਂ ਨਾਲ ਊਰਜਾ, ਖੁਰਾਕ ਸੁਰੱਖਿਆ, ਅਤਿਵਾਦ ਦੇ ਟਾਕਰੇ, ਵਾਤਾਵਰਨ ਅਤੇ ਲੋਕਤੰਤਰ ਵਰਗੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨਗੇ।ਵਿਸ਼ਵ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ ਜੀ7 ਦੇ ਸਿਖ਼ਰ ਸੰਮੇਲਨ ਲਈ ਸ੍ਰੀ ਮੋਦੀ 26 ਤੇ 27 ਜੂਨ ਨੂੰ ਦੱਖਣੀ ਜਰਮਨੀ ਦੇ ਸ਼ਲੌਸ ਐਲਮਊ ਜਾਣਗੇ। ਇਸ ਦੌਰਾਨ ਜੀ7 ਦੇ ਆਗੂਆਂ ਵੱਲੋਂ ਯੂਕਰੇਨ ਸੰਕਟ ’ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਆਸ ਹੈ ਜਿਸ ਕਰ ਕੇ ਵਿਸ਼ਵ ਵਿੱਚ ਖੁਰਾਕ ਤੇ ਊਰਜਾ ਸੰਕਟ ਵਧਣ ਤੋਂ ਇਲਾਵਾ ਭੂ-ਰਾਜਨੀਤਕ ਉਥਲ-ਪੁਥਲ ਪੈਦਾ ਹੋਈ ਹੈ। ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਦੇ ਸੱਦੇ ’ਤੇ ਸ੍ਰੀ ਮੋਦੀ ਜੀ7 ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਜਾ ਰਹੇ ਹਨ। ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਜਰਮਨੀ ਵੱਲੋਂ ਜੀ7 ਦੇ ਪ੍ਰਧਾਨ ਦੇ ਤੌਰ ’ਤੇ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਦੌਰੇ ਤੋਂ ਪਹਿਲਾਂ ਇਕ ਬਿਆਨ ਵਿੱਚ ਕਿਹਾ, ‘‘ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਆਲਮੀ ਮੁੱਦਿਆਂ ’ਤੇ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਜਰਮਨੀ ਨੇ ਅਰਜਨਟੀਨਾ, ਇੰਡੋਨੇਸ਼ੀਆ, ਸੈਨੇਗਲ ਅਤੇ ਦੱਖਣੀ ਅਫ਼ਰੀਕਾ ਵਰਗੇ ਹੋਰ ਲੋਕਤੰਤਰੀ ਦੇਸ਼ਾਂ ਨੂੰ ਵੀ ਜੀ7 ਸਿਖ਼ਰ ਸੰਮੇਲਨ ਲਈ ਸੱਦਾ ਦਿੱਤਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਿਖ਼ਰ ਸੰਮੇਲਨ ਦੇ ਸੈਸ਼ਨ ਦੌਰਾਨ ਮੈਂ ਵਾਤਾਵਰਨ, ਊਰਜਾ, ਜਲਵਾਯੂ, ਖੁਰਾਕ ਸੁਰੱਖਿਆ, ਸਿਹਤ, ਅਤਿਵਾਦ ਦੇ ਟਾਕਰੇ ਬਾਰੇ ਤੇ ਲਿੰਗਕ ਸਮਾਨਤਾ ਵਰਗੇ ਮੁੱਦਿਆਂ ’ਤੇ ਜੀ7 ਦੇ ਭਾਗੀਦਾਰ ਦੇਸ਼ਾਂ ਅਤੇ ਮਹਿਮਾਨ ਕੌਮਾਂਤਰੀ ਸੰਸਥਾਵਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗਾ।’’ ਉਨ੍ਹਾਂ ਕਿਹਾ ਕਿ ਉਹ ਸਿਖ਼ਰ ਸੰਮੇਲਨ ਦੌਰਾਨ ਇਸ ਵਿੱਚ ਭਾਗ ਲੈਣ ਵਾਲੇ ਜੀ7 ਅਤੇ ਮਹਿਮਾਨ ਦੇਸ਼ਾਂ ਦੇ ਕੁਝ ਆਗੂਆਂ ਨੂੰ ਮਿਲਣ ਲਈ ਕਾਹਲੇ ਹਨ। -ਪੀਟੀਆਈ