ਰੋਮ, 30 ਅਕਤੂਬਰ
ਜੀ20 ਸਿਖ਼ਰ ਸੰਮੇਲਨ ਅੱਜ ਇੱਥੇ ਸ਼ੁਰੂ ਹੋ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖ਼ਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਵਿਸ਼ਵ ਦੇ ਹੋਰਨਾਂ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਮੌਕੇ ਹੱਥ ਮਿਲਾ ਕੇ ਇਕ-ਦੂਜੇ ਦਾ ਹਾਲ-ਚਾਲ ਜਾਣਿਆ। ਦੁਨੀਆ ਦੀਆਂ ਆਰਥਿਕ ਤਾਕਤਾਂ (ਮੁਲਕਾਂ) ਦੇ ਆਗੂਆਂ ਨੇ ਕਰੋਨਾਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਪਹਿਲੀ ਵਾਰ ਅੱਜ ਵਿਅਕਤੀਗਤ ਤੌਰ ’ਤੇ ਸਾਂਝੇ ਮੰਚ ਉਤੇ ਇਕ-ਦੂਜੇ ਨਾਲ ਮੁਲਾਕਾਤਾਂ ਕੀਤੀਆਂ ਹਨ। ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਅੱਜ ਬੈਠਕ ਦੀ ਸ਼ੁਰੂਆਤ ਵਿਚ 20 ਮੁਲਕਾਂ ਦੇ ਮੁਖੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਜਰਮਨੀ ਦੀ ਚਾਂਸਲਰ ਏਂਜਲਾ ਮਰਕਲ, ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੌਂ ਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਹਾਜ਼ਰ ਸਨ। ਇਟਲੀ ਦੇ ਪ੍ਰਧਾਨ ਮੰਤਰੀ ਨੇ ਬੈਠਕ ਦੀ ਸ਼ੁਰੂਆਤ ਵਿਚ ਕਰੋਨਾ ਵੈਕਸੀਨ ਨੂੰ ਦੁਨੀਆ ਦੇ ਘੱਟ ਖ਼ੁਸ਼ਹਾਲ ਦੇਸ਼ਾਂ ਤੱਕ ਪਹੁੰਚਾਉਣ ਲਈ ਯਤਨ ਦੁੱਗਣੇ ਕਰਨ ਦਾ ਸੱਦਾ ਦਿੱਤਾ। ਦਰਾਗੀ ਨੇ ਕਿਹਾ ਕਿ ਜਿੱਥੇ ਅਮੀਰ ਮੁਲਕਾਂ ਵਿਚ 70 ਪ੍ਰਤੀਸ਼ਤ ਲੋਕਾਂ ਦੇ ਟੀਕਾ ਲੱਗ ਗਿਆ ਹੈ ਉੱਥੇ ਗਰੀਬ ਮੁਲਕਾਂ ਵਿਚ ਇਹ ਪ੍ਰਤੀਸ਼ਤ ਸਿਰਫ਼ ਤਿੰਨ ਪ੍ਰਤੀਸ਼ਤ ਹੈ। ਇਸ ਲਈ ਵੈਕਸੀਨ ਤੱਕ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਦੀ ਲੋੜ ਹੈ। ਸਿਖ਼ਰ ਸੰਮੇਲਨ ‘ਲੋਕਾਂ, ਧਰਤੀ, ਖ਼ੁਸ਼ਹਾਲੀ, ਮਹਾਮਾਰੀ ਤੋਂ ਉਭਾਰ ਦੇ ਖੇਤਰਾਂ ਤੇ ਆਲਮੀ ਪੱਧਰ ਉਤੇ ਸਿਹਤ ਸੁਧਾਰਾਂ’ ’ਤੇ ਕੇਂਦਰਤ ਹੈ। ਰੋਮ ਤੋਂ ਮੋਦੀ ਗਲਾਸਗੋ ਜਾਣਗੇ ਜਿੱਥੇ ਜਲਵਾਯੂ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਹੋ ਰਹੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਟਵੀਟ ਕੀਤੀਆਂ ਗਈਆਂ ਕਈ ਫੋਟੋਆਂ ਵਿਚ ਮੋਦੀ ਬਾਇਡਨ, ਫਰਾਂਸ ਦੇ ਰਾਸ਼ਟਰਪਤੀ ਮੈਕ੍ਰੌਂ, ਯੂਕੇ ਦੇ ਪ੍ਰਧਾਨ ਮੰਤਰੀ ਜੌਹਨਸਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੂੰ ਮਿਲਦੇ ਨਜ਼ਰ ਆ ਰਹੇ ਹਨ। ਮੋਦੀ ਨੂੰ ਬਾਇਡਨ ਨਾਲ ਤੁਰਦੇ-ਤੁਰਦੇ ਕੁਝ ਸਮਾਂ ਗੱਲਬਾਤ ਵੀ ਕੀਤੀ। ਜ਼ਿਕਰਯੋਗ ਹੈ ਕਿ ਮੋਦੀ 24 ਸਤੰਬਰ ਨੂੰ ਵਾਈਟ ਹਾਊਸ ਗਏ ਸਨ ਤੇ ਬਾਇਡਨ ਨੂੰ ਪਹਿਲੀ ਵਾਰ ਮਿਲੇ ਸਨ। ਇਨ੍ਹਾਂ ਆਗੂਆਂ ਤੋਂ ਇਲਾਵਾ ਮੋਦੀ ਜਰਮਨੀ ਦੀ ਚਾਂਸਲਰ ਮਰਕਲ, ਦੱਖਣੀ ਕੋਰੀਆ ਤੇ ਸਿੰਗਾਪੁਰ ਦੇ ਆਗੂਆਂ ਨੂੰ ਵੀ ਗਰਮਜੋਸ਼ੀ ਨਾਲ ਮਿਲੇ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਵੀ ਇਸ ਮੌਕੇ ਹਾਜ਼ਰ ਸਨ। ਮੋਦੀ ਦੇ ਰੋਮ ਦੌਰੇ ਤੋਂ ਪਹਿਲਾਂ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਸੀ ਕਿ ਜੀ20 ਸੰਮੇਲਨ ਦੁਨੀਆ ਦੀਆਂ ਵੱਡੀਆਂ ਆਰਥਿਕ ਤਾਕਤਾਂ ਨਾਲ ਰਾਬਤਾ ਕਰਨ ਦਾ ਇਕ ਅਹਿਮ ਮੰਚ ਹੈ। -ਪੀਟੀਆਈ/ਏਪੀ