ਸ੍ਰੀਨਗਰ, 22 ਮਈ
ਮੁੱਖ ਅੰਸ਼
- ਸੈਰ-ਸਪਾਟਾ ਵਰਕਿੰਗ ਗਰੁੱਪ ਦੀ ਮੀਟਿੰਗ ‘ਚ 122 ਡੈਲੀਗੇਟ ਹੋਏ ਸ਼ਾਮਲ
- ਅਦਾਕਾਰ ਰਾਮ ਚਰਨ ਨੇ ‘ਨਾਟੂ ਨਾਟੂ’ ਗੀਤ ‘ਤੇ ਨੱਚ ਕੇ ਡੈਲੀਗੇਟਾਂ ਨੂੰ ਕੀਲਿਆ
ਕੇਂਦਰੀ ਮੰਤਰੀ ਜੀ.ਕਿਸ਼ਨ ਰੈੱਡੀ ਨੇ ਕਿਹਾ ਕਿ ਸਰਕਾਰ ਆਲਮੀ ਸੈਰ-ਸਪਾਟਾ ਨਿਵੇਸ਼ ਸਿਖਰ ਵਾਰਤਾ ਕਰਵਾਉਣ ਦੀ ਯੋਜਨਾ ਘੜ ਰਹੀ ਹੈ ਤੇ ਜਲਦੀ ਹੀ ਕੌਮੀ ਸੈਰ-ਸਪਾਟਾ ਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅਧਿਆਤਮਿਕ ਸੈਰ-ਸਪਾਟੇ ਦੇ ਪ੍ਰਚਾਰ ਪਾਸਾਰ ਲਈ ਅਸੀਮ ਸੰਭਾਵਨਾਵਾਂ ਹਨ। ਰੈੱਡੀ ਇਥੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (ਐੱਸਕੇਆਈਸੀਸੀ) ਵਿੱਚ ਜੀ-20 ਸੈਰ-ਸਪਾਟਾ ਵਰਕਿੰਗ ਗਰੁੱਪ ਦੀ ਤਿੰਨ ਰੋਜ਼ਾ ਮੀਟਿੰਗ ਦੇ ਪਹਿਲੇ ਦਿਨ ‘ਫਿਲਮ ਟੂਰਿਜ਼ਮ ਫਾਰ ਇਕਨਾਮਿਕ ਐਂਡ ਕਲਚਰਲ ਪ੍ਰੀਜ਼ਰਵੇਸ਼ਨ’ ਵਿਸ਼ੇ ‘ਤੇ ਕਰਵਾਏ ਸਮਾਗਮ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਵੀ ਮੌਜੂੁਦ ਸਨ। ਮੀਟਿੰਗ ਦੇ ਪਹਿਲੇ ਦਿਨ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਜੀ-20 ਮੁਲਕਾਂ ਦੇ 122 ਡੈਲੀਗੇਟ ਸ਼ਾਮਲ ਹੋਏ। ਫ਼ਿਲਮ ‘ਆਰਆਰਆਰ’ ਦੇ ਅਦਾਕਾਰ ਰਾਮ ਚਰਨ ਨੇ ‘ਨਾਟੂ ਨਾਟ’ ਗੀਤ ‘ਤੇ ਨੱਚ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਡੈਲੀਗੇਟਾਂ ਨੇ ਮਗਰੋਂ ਡੱਲ ਝੀਲ ਵਿੱਚ ਸ਼ਿਕਾਰੇ ‘ਤੇ ਝੂਟਾ ਲੈਣ ਤੋਂ ਇਲਾਵਾ ਆਰਟ ਤੇ ਕਰਾਫਟ ਬਾਜ਼ਾਰ ਦਾ ਵੀ ਗੇੜਾ ਲਾਇਆ। ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਰੈੱਡੀ ਨੇ ਕਿਹਾ, ”ਅਸੀਂ ਜਲਦੀ ਹੀ ਭਾਰਤ ਲਈ ਕੌਮੀ ਸੈਰ-ਸਪਾਟਾ ਪਾਲਿਸੀ ਦਾ ਐਲਾਨ ਕਰਾਂਗੇ। ਅਸੀਂ ਆਲਮੀ ਸੈਰ-ਸਪਾਟਾ ਨਿਵੇਸ਼ ਸਿਖਰ ਵਾਰਤਾ ਦੀ ਵੀ ਯੋਜਨਾ ਬਣਾ ਰਹੇ ਹਾਂ।” ਉਨ੍ਹਾਂ ਕਿਹਾ ਕਿ ਕੇਂਦਰ ਨੇ ਸੈਰ-ਸਪਾਟੇ ਵਿੱਚ 100 ਫੀਸਦ ਸਿੱਧੇ ਵਿਦੇਸ਼ ਨਿਵੇਸ਼ ਦੀ ਇਜਾਜ਼ਤ ਦਿੱਤੀ ਹੈ। ਭਾਰਤ ਸਰਕਾਰ ਮਜ਼ਬੂਤ ਤੇ ਟਿਕਾਊ ਸੈਰ-ਸਪਾਟਾ ਵਿਕਸਤ ਕਰਨ ਲਈ ਸਾਰੇ ਜੀ-20 ਮੁਲਕਾਂ ਤੇ ਇਨਵਾਇਟੀ ਮੁਲਕਾਂ ਨਾਲ ਨੇੜੇ ਹੋ ਕੇ ਕੰਮ ਕਰ ਰਹੀ ਹੈ। ਜੀ 20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਅਜਿਹੇ ਮੌਕੇ ਮਿਲੀ ਹੈ ਜਦੋਂ 70 ਫੀਸਦ ਮੁਲਕ ਕਰਜ਼ਾ ਸੰਕਟ ਨਾਲ ਜੂਝ ਰਹੇ ਹਨ ਤੇ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਭਾਰਤ ਜੀ-20 ਨੂੰ ਮੌਕੇ ਵਜੋਂ ਵੇਖਦਾ ਹੈ। ਫਿਲਮਾਂ ਦੀ ਸ਼ੂਟਿੰਗ ਲਈ ਕਸ਼ਮੀਰ ਤੋਂ ਬਿਹਤਰ ਥਾਂ ਨਹੀਂ ਹੋ ਸਕਦੀ। ਪੀਐੱਮਓ ‘ਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਸ੍ਰੀਨਗਰ ‘ਚ ਜੀ-20 ਸਮਾਗਮ ਆਪਣੇ ਆਪ ‘ਚ ਵੱਡੀ ਉਪਲਬਧੀ ਹੈ।