ਨਵੀਂ ਦਿੱਲੀ, 14 ਜੁਲਾਈ
ਰੂਸੀ ਸਫ਼ੀਰ ਨਿਕੋਲੇਯ ਕੁਦਾਸ਼ੇਵ ਨੇ ਕਿਹਾ ਹੈ ਕਿ ਰੂਸ ਅਤੇ ਭਾਰਤ ’ਚ ਰਣਨੀਤਕ ਭਾਈਵਾਲੀ ਦੇ ਵਿਸਥਾਰ ਦੀ ਅਜੇ ਹੋਰ ਸੰਭਾਵਨਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਭਾਰਤ ’ਚ ਹੋਣ ਵਾਲੇ ਸਿਖਰ ਸੰਮੇਲਨ ’ਚ ਸ਼ਾਮਲ ਹੋ ਸਕਦੇ ਹਨ ਪਰ ਇਹ ਕਰੋਨਾਵਾਇਰਸ ਦੇ ਹਾਲਾਤ ’ਤੇ ਨਿਰਭਰ ਕਰੇਗਾ। ਮਹਾਮਾਰੀ ਦੇ ਟਾਕਰੇ ਲਈ ਸਹਿਯੋਗ ਦਾ ਜ਼ਿਕਰ ਕਰਦਿਆਂ ਰੂਸੀ ਸਫ਼ੀਰ ਨੇ ਆਸ ਪ੍ਰਗਟਾਈ ਕਿ ਭਾਰਤ ’ਚ ‘ਸਪੂਤਨਿਕ ਲਾਈਟ’ ਵੈਕਸੀਨ ਛੇਤੀ ਲਾਂਚ ਹੋ ਸਕਦੀ ਹੈ। ਭਾਰਤ ਅਤੇ ਰੂਸ ਵਿਚਕਾਰ 2+2 ਮੰਤਰੀ ਪੱਧਰ ਦੀ ਬੈਠਕ ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਹੋ ਗਈ ਸੀ। ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰੂਸੀ ਰਾਸ਼ਟਰਪਤੀ ਵਿਚਕਾਰ ਦੋਵੇਂ ਮੁਲਕਾਂ ਦੇ ਸਬੰਧਾਂ ਬਾਰੇ ਹਰ ਸਾਲ ਸਿਖਰ ਸੰਮੇਲਨ ਹੁੰਦਾ ਹੈ। ਹੁਣ ਤੱਕ 20 ਸਾਲਾਨਾ ਸਿਖਰ ਸੰਮੇਲਨ ਬੈਠਕਾਂ ਹੋ ਚੁੱਕੀਆਂ ਹਨ। ਕੁਦਾਸ਼ੇਵ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ 7 ਤੋਂ 9 ਜੁਲਾਈ ਨੂੰ ਕੀਤੇ ਦੌਰੇ ਨੂੰ ਬਹੁਤ ਸਫ਼ਲ ਕਰਾਰ ਦਿੱਤਾ ਹੈ। ਉਨ੍ਹਾਂ ਦੋਵੇਂ ਮੁਲਕਾਂ ਵਿਚਕਾਰ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਤਾਲਮੇਲ ਬਾਰੇ ਵੀ ਜ਼ਿਕਰ ਕੀਤਾ। -ਪੀਟੀਆਈ
‘ਅਫ਼ਗਾਨਿਸਤਾਨ ’ਚੋਂ ਫ਼ੌਜਾਂ ਦੀ ਵਾਪਸੀ ਮਗਰੋਂ ਗੁਆਂਢੀਆਂ ਦੀ ਜ਼ਿੰਮੇਵਾਰੀ ਵਧੇਗੀ’
ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਗੱਲਬਾਤ ਕਰਦਿਆਂ ਰੂਸੀ ਸਫ਼ੀਰ ਕੁਦਾਸ਼ੇਵ ਨੇ ਕਿਹਾ ਕਿ ਭਾਰਤ ਅਤੇ ਰੂਸ ਅੰਤਰ-ਅਫ਼ਗਾਨ ਵਾਰਤਾ ਦੇ ਹਮਾਇਤੀ ਹਨ ਅਤੇ ਇਹ ਸਾਰੀਆਂ ਧਿਰਾਂ ਨਾਲ ਹੋਣ ਤਾਂ ਜੋ ਭਵਿੱਖ ’ਚ ਬਣਨ ਵਾਲੀ ਸਰਕਾਰ ਉਥੇ ਸ਼ਾਂਤੀ ਸਥਾਪਤ ਕਰਨ ’ਚ ਸਹਾਈ ਹੋਵੇ। ਉਨ੍ਹਾਂ ਕਿਹਾ ਕਿ ਪੱਛਮੀ ਫ਼ੌਜਾਂ ਦੀ ਮੁਲਕ ’ਚੋਂ ਵਾਪਸੀ ਨਾਲ ਹੀ ਖੇਤਰੀ ਕੋਸ਼ਿਸ਼ਾਂ ਅਹਿਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮਾਮਲਾ ਐੱਸਸੀਓ ਦੀ ਬੈਠਕ ’ਚ ਵੀ ਵਿਚਾਰਿਆ ਜਾ ਸਕਦਾ ਹੈ। ਉਧਰ ਰੂਸੀ ਮਿਸ਼ਨ ਦੇ ਉਪ ਮੁਖੀ ਰੋਮਨ ਬਾਬੂਸ਼ਕਿਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ ਦੇ ਅਫ਼ਗਾਨਿਸਤਾਨ ’ਚ ਵੱਡੇ ਹਿੱਤ ਹਨ ਅਤੇ ਨਵੀਂ ਦਿੱਲੀ ਨੇ ਫ਼ੈਸਲਾ ਲੈਣਾ ਹੈ ਕਿ ਉਹ ਉਥੇ ਕਿੰਨਾ ਕੁ ਵਿਸਥਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਤਾਲਿਬਾਨ ਹਕੀਕਤ ਹੈ ਅਤੇ ਸਾਰੇ ਗੁੱਟਾਂ ਦੀ ਨੁਮਾਇੰਦਗੀ ਵਾਲੀ ਸਰਕਾਰ ਬਣਾ ਕੇ ਉਥੇ ਸ਼ਾਂਤੀ ਤੇ ਸਥਿਰਤਾ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ। -ਪੀਟੀਆਈ