ਸ਼ਿਮਲਾ, 10 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਅੱਜ ਇੱਥੇ ਜੋਗਨੀ ਬਾਗ਼ ਸਥਿਤ ਸ਼ਾਹੀ ਸ਼ਮਸ਼ਾਨਘਾਟ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੇ ਨਿਭਾਈਆਂ। 4.30 ਵਜੇ ਦੇ ਕਰੀਬ ਪੁਲੀਸ ਦੀ ਇਕ ਟੁਕੜੀ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਤੇ ਗੰਨ ਸਲੂਟ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਰਹੂਮ ਆਗੂ ਨੂੰ ਅਲਵਿਦਾ ਕਹਿਣ ਲਈ ਸ਼ਮਸ਼ਾਨਘਾਟ ਨੇੜੇ ਜੁੜ ਗਏ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਵੀ ਇਸ ਮੌਕੇ ਹਾਜ਼ਰ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਇਸ ਮੌਕੇ ਪਾਰਟੀ ਆਗੂਆਂ ਦਾ ਇਕ ਵਫ਼ਦ ਹਾਜ਼ਰ ਸੀ। ਵਫ਼ਦ ਵਿਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੇ ਕਾਂਗਰਸ ਦੇ ਖ਼ਜ਼ਾਨਚੀ ਪਵਨ ਕੁਮਾਰ ਬਾਂਸਲ ਸ਼ਾਮਲ ਸਨ। ਇਸ ਤੋਂ ਪਹਿਲਾਂ ਦੇਹ ਨੂੰ ਰਾਮਪੁਰ ਦੇ ਪਦਮ ਮਹਿਲ ਵਿਚ ਸਵੇਰੇ 8 ਵਜੇ ਤੋਂ ਦੁਪਹਿਰ ਦੋ ਵਜੇ ਤੱਕ ਰੱਖਿਆ ਗਿਆ। ਇਸ ਤੋਂ ਬਾਅਦ 87 ਸਾਲਾ ਸੀਨੀਅਰ ਕਾਂਗਰਸੀ ਆਗੂ ਦੀ ਦੇਹ ਨੂੰ ਕਰੀਬ 2.45 ’ਤੇ ਸ਼ਮਸ਼ਾਨ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਵੀਰਭੱਦਰ ਸਿੰਘ ਦਾ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। -ਪੀਟੀਆਈ