ਪੱਤਰ ਪ੍ਰੇਰਕ
ਏਲਨਾਬਾਦ, 3 ਜੂਨ
ਕਸ਼ਮੀਰ ਘਾਟੀ ਵਿੱਚ ਟਾਰਗੈਟ ਕਿਲਿੰਗ ਦਾ ਸ਼ਿਕਾਰ ਹੋਏ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਭਗਵਾਨ ਵਾਸੀ ਬੈਂਕ ਮੈਨੇਜਰ ਵਿਜੈ ਕੁਮਾਰ ਬੈਨੀਵਾਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭਗਵਾਨ ਵਿੱਚ ਸੰਸਕਾਰ ਕਰ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਪਿੰਡ ਵਾਸੀਆਂ, ਪੁਲੀਸ ਅਤੇ ਪ੍ਰਬੰਧਕੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਮ ਅੱਖਾਂ ਨਾਲ ਵਿਜੇ ਕੁਮਾਰ ਨੂੰ ਅੰਤਿਮ ਵਿਦਾਈ ਦਿੱਤੀ ਗਈ। ਵਿਜੈ ਕੁਮਾਰ ਦੀ ਦੇਹ ਅੱਜ ਸਵੇਰੇ ਕਰੀਬ 7 ਵਜੇ ਪਿੰਡ ਲਿਆਂਦੀ ਗਈ ਸੀ। ਵਿਜੈ ਦੇ ਛੋਟੇ ਭਰਾ ਅਨਿਲ ਨੇ ਉਨ੍ਹਾਂ ਦੀ ਚਿਖ਼ਾ ਨੂੰ ਅਗਨੀ ਵਿਖਾਈ। ਇਸ ਮੌਕੇ ਵਿਜੇ ਕੁਮਾਰ ਦੇ ਪਿਤਾ ਓਮ ਪ੍ਰਕਾਸ਼ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਸ਼ਮੀਰ ਵਿੱਚ ਨੌਕਰੀਆਂ ਕਰ ਰਹੇ ਬਾਹਰਲੇ ਸੂਬਿਆਂ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।