ਅਲੀਗੜ੍ਹ/ਬੁਲੰਦਸ਼ਹਿਰ (ਯੂਪੀ), 23 ਅਗਸਤ
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਅੱਜ ਬੁਲੰਦ ਸ਼ਹਿਰ ਦੇ ਨਰੋਰਾ ਸ਼ਹਿਰ ਦੇ ਬੰਸੀ ਘਾਟ ’ਤੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ, ਪਾਰਟੀ ਵਰਕਰ ਤੇ ਵੱਡੀ ਗਿਣਤੀ ’ਚ ਸਥਾਨਕ ਲੋਕ ਹਾਜ਼ਰ ਸਨ।
ਰਾਜਵੀਰ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ। ਸਸਕਾਰ ਸਮੇਂ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਹਾਜ਼ਰੀ ਭਰੀ। ਦੋ ਵਾਰ ਯੂਪੀ ਦੇ ਮੁੱਖ ਮੰਤਰੀ ਅਤੇ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਹੇ ਕਲਿਆਣ ਸਿੰਘ ਦਾ ਸ਼ਨਿਚਰਵਾਰ ਨੂੰ ਲਖਨਊ ਸਥਿਤ ਪੀਜੀਆਈ ’ਚ ਦੇਹਾਂਤ ਹੋ ਗਿਆ ਸੀ। ਜਦੋਂ 6 ਦਸੰਬਰ 1992 ਨੂੰ ਅਯੁੱਧਿਆ ’ਚ ਕਾਰ ਸੇਵਕਾਂ ਨੇ ਬਾਬਰੀ ਮਸਜਿਦ ਢਾਹੀ ਸੀ ਤਾਂ ਕਲਿਆਣ ਸਿੰਘ ਹੀ ਯੂਪੀ ਦੇ ਮੁੱਖ ਮੰਤਰੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਯੂਪੀ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਭਾਜਪਾ ਆਗੂ ਉਮਾ ਭਾਰਤੀ ਤੋਂ ਇਲਾਵਾ ਰਾਜ ਦੇ ਕਈ ਮੰਤਰੀ, ਭਾਜਪਾ ਵਰਕਰ ਦੇ ਸਥਾਨਕ ਲੋਕ ਹਾਜ਼ਰ ਸਨ। ਅਧਿਕਾਰੀਆਂ ਨੇ ਕਿਹਾ ਕਿ ਕਲਿਆਣ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਲਿਆਣ ਸਿੰਘ ਦੀ ਦੇਹ ਅਲੀਗੜ੍ਹ ਸਥਿਤ ਅਹਿੱਲਿਆ ਬਾਈ ਹੋਲਕਰ ਸਟੇਡੀਅਮ ਲਿਆਂਦੀ ਗਈ ਜਿੱਥੇ ਲੋਕਾਂ ਨੇ ਉਨ੍ਹਾਂ ਦੇ ਆਖਰੀ ਦਰਸ਼ਨ ਕੀਤੇ। ਇਸ ਤੋਂ ਬਾਅਦ ਭਾਜਪਾ ਆਗੂ ਦੀ ਦੇਹ ਉਨ੍ਹਾਂ ਦੇ ਜੱਦੀ ਪਿੰਡ ਮਡੋਲੀ ਨੇੜੇ ਅਤਰੌਲੀ ਲਿਆਂਦੀ ਗਈ ਤੇ ਫਿਰ ਇੱਥੋਂ ਸਸਕਾਰ ਲਈ ਨਰੋਰਾ ਲਿਆਂਦੀ ਗਈ। ਅਤਰੌਲੀ ’ਚ ਕਲਿਆਣ ਸਿੰਘ ਦੀ ਦੇਹ ਪੀਡਬਲਿਊਡੀ ਗੈਸਟ ਹਾਊਸ ’ਚ ਰੱਖੀ ਗਈ ਜਿੱਥੇ ਕੇਂਦਰੀ ਮੰਤਰੀ ਅਮਿਤ ਸ਼ਾਹ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ, ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। -ਪੀਟੀਆਈ
ਕਲਿਆਣ ਸਿੰਘ ਨੂੰ ਸਮਰਪਿਤ ਹੋਣਗੀਆਂ ਛੇ ਜ਼ਿਲ੍ਹਿਆਂ ਦੀਆਂ ਸੜਕਾਂ
ਲਖਨਊ: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਨਾਂ ’ਤੇ ਸੂਬੇ ਦੇ ਛੇ ਜ਼ਿਲ੍ਹਿਆਂ ਦੀਆਂ ਸੜਕਾਂ ਦਾ ਨਾਂ ਰੱਖਿਆ ਜਾਵੇਗਾ। ਯੂਪੀ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ। ਯੂਪੀ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਲਿਆਣ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਅਯੁੱਧਿਆ, ਪ੍ਰਯਾਗਰਾਜ, ਅਲੀਗੜ੍ਹ, ਬੁਲੰਦ ਸ਼ਹਿਰ ਤੇ ਏਟਾਹ ਦੀ ਇੱਕ-ਇੱਕ ਸੜਕ ਦਾ ਨਾਂ ਕਲਿਆਣ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਲਈ ਉਨ੍ਹਾਂ ਦੇ ਯੋਗਦਾਨ ਨੂੰ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਕਦੀ ਭੁਲਾ ਨਹੀਂ ਸਕਦੀਆਂ। -ਪੀਟੀਆਈ