ਸ਼ਿਮਲਾ, 8 ਅਕਤੂਬਰ
ਸੀਬੀਆਈ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕੁਮਾਰ (69) ਦਾ ਅੱਜ ਇਥੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ਬੁੱਧਵਾਰ ਨੂੰ ਘਰ ’ਚ ਲਟਕਦੀ ਮਿਲੀ ਸੀ। ਹਸਪਤਾਲ ਵੱਲੋਂ ਪੋਸਟਮਾਰਟਮ ਮਗਰੋਂ ਅੱਜ ਉਨ੍ਹਾਂ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਉਨ੍ਹਾਂ ਆਰੂਸ਼ੀ ਤਲਵਾਰ ਹੱਤਿਆ ਕਾਂਡ ਦੀ ਜਾਂਚ ਦੀ ਅਗਵਾਈ ਕੀਤੀ ਸੀ। ਅਧਿਕਾਰੀਆਂ ਮੁਤਾਬਕ ਨਾਗਾਲੈਂਡ ਦੇ ਰਾਜਪਾਲ ਰਹੇ ਅਸ਼ਵਨੀ ਕੁਮਾਰ ਕੋਲੋਂ ਇਕ ਨੋਟ ਮਿਲਿਆ ਹੈ ਜਿਸ ’ਚ ਉਨ੍ਹਾਂ ‘ਨਵੇਂ ਸਫ਼ਰ ’ਤੇ ਜਾਣ’ ਦੀ ਗੱਲ ਆਖੀ ਸੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਪੁੱਤਰ ਅਭਿਸ਼ੇਕ ਨੇ ਦਿਖਾਈ। ਇਸ ਮੌਕੇ ਬਿਜਲੀ ਮੰਤਰੀ ਸੁਖਰਾਮ ਚੌਧਰੀ, ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਅਤੇ ਡੀਜੀਪੀ ਸੰਜੇ ਕੁੰਡੂ ਸਮੇਤ ਹੋਰ ਵਿਅਕਤੀ ਹਾਜ਼ਰ ਸਨ। ਦਿੱਲੀ ’ਚ ਸੀਬੀਆਈ ਨੇ ਬੈਠਕ ਕਰਕੇ ਅਸ਼ਵਨੀ ਕੁਮਾਰ ਦੀ ਮੌਤ ’ਤੇ ਅਫ਼ਸੋਸ ਜਤਾਇਆ।
1973 ਬੈਚ ਦੇ ਆਈਪੀਐੱਸ ਅਫ਼ਸਰ ਅਸ਼ਵਨੀ ਕੁਮਾਰ ਨੂੰ ਕਾਰਟੂਨ ਸ਼ੋਅ ਟੌਮ ਐਂਡ ਜੈਰੀ ਬਹੁਤ ਪਸੰਦ ਸੀ। ਉਨ੍ਹਾਂ 2008 ’ਚ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਕਿਹਾ ਸੀ ਕਿ ਪੁਲੀਸ ਬਿੱਲੇ (ਟੌਮ) ਅਤੇ ਅਪਰਾਧੀ ਚੂਹੇ (ਜੈਰੀ) ਵਰਗੇ ਹਨ ਜਿਸ ਕਾਰਨ ਟੌਮ ਕਦੇ ਵੀ ਜੈਰੀ ਨੂੰ ਨਹੀਂ ਛੱਡਦਾ ਹੈ। ‘ਮੈਂ ਟੌਮ ਐਂਡ ਜੈਰੀ ਦੀ ਖੇਡ ’ਚ ਹਾਂ ਅਤੇ ਮੈਨੂੰ ਆਪਣਾ ਕੰਮ ਕਰਨਾ ਪਵੇਗਾ।’ ਮੁੱਢਲੀ ਜਾਂਚ ਮੁਤਾਬਕ ਅਸ਼ਵਨੀ ਕੁਮਾਰ ਦੇ ਰਵੱਈਏ ’ਚ ਪਿਛਲੇ ਛੇ ਮਹੀਨਿਆਂ ਦੌਰਾਨ ਅਚਾਨਕ ਬਦਲਾਅ ਨਜ਼ਰ ਆਇਆ ਸੀ। -ਪੀਟੀਆਈ