ਗੁਹਾਟੀ, 15 ਨਵੰਬਰ
ਮਨੀਪੁਰ ਵਿੱਚ ਦਹਿਸ਼ਤਗਰਦਾਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ ਮਾਰੇ ਗਏ ਅਸਾਮ ਰਾਈਫਲਜ਼ ਦੇ ਸੁਮਨ ਸਵਰਗਿਆਰੀ ਨੂੰ ਅੱਜ ਉਨ੍ਹਾਂ ਦੀ ਅਸਾਮ ਦੇ ਬਸਕਾ ਜ਼ਿਲ੍ਹੇ ’ਚ ਪੈਂਦੀ ਰਿਹਾਇਸ਼ ’ਤੇ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੀ ਪਤਨੀ ਨੇ ਆਖ਼ਰੀ ਵਾਰ ਆਪਣੇ ਪਤੀ ਦੀ ਦੇਹ ਨੂੰ ਸ਼ਰਧਾਂਜਲੀ ਭੇਟ ਕੀਤੀ ਜਦਕਿ ਉਨ੍ਹਾਂ ਦੇ ਢਾਈ ਸਾਲਾਂ ਦੇ ਪੁੱਤਰ ਨੇ ਆਪਣੇ ਪਿਤਾ ਦੇ ਤਾਬੂਤ ’ਤੇ ਫੁੱਲ ਭੇਟ ਕੀਤੇ। ਸ਼ਹੀਦ ਸੁਮਨ ਸਵਰਗਿਆਰੀ ਦੀ ਦੇਹ ਅੱਜ ਸਵੇਰੇ ਗੁਹਾਟੀ ਏਅਰਪੋਰਟ ਪੁੱਜ ਗਈ ਸੀ, ਜਿੱਥੇ ਅਸਾਮ ਕੈਬਨਿਟ ਦੇ ਮੰਤਰੀ ਕੇਸ਼ਬ ਮਹੰਤਾ ਨੇ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਦੇ ਘਰ ਤੱਕ ਨਾਲ ਹੀ ਗਏ।
ਸੂਬਾ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹੀਦ ਸੁਮਨ ਸਵਰਗਿਆਰੀ ਦਾ ਅੰਤਿਮ ਸਸਕਾਰ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਸ੍ਰੀ ਮਹੰਤਾ, ਕੈਬਨਿਟ ਮੰਤਰੀ ਯੂ ਜੀ ਬ੍ਰਹਮਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਦੇ ਅਧਿਕਾਰੀ ਵੀ ਹਾਜ਼ਰ ਸਨ। ਸੁਮਨ ਸਵਰਗਿਆਰੀ, ਮੁਲਕ ਦੀ ਸਭ ਤੋਂ ਪੁਰਾਣੇ ਨੀਮ-ਫ਼ੌਜੀ ਬਲ- ਖੂਗਾ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਸਮੇਤ ਸ਼ਨਿਚਰਵਾਰ ਨੂੰ ਮਨੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ ਮਾਰੇ ਗਏ ਅਸਾਮ ਰਾਈਫਲਜ਼ ਦੇ ਪੰਜ ਮੁਲਾਜ਼ਮਾਂ ’ਚ ਸ਼ਾਮਲ ਸਨ। -ਪੀਟੀਆਈ