ਮੁੰਬਈ, 3 ਸਤੰਬਰ
ਟੀਵੀ ਅਤੇ ਫਿਲਮ ਅਦਾਕਾਰ ਸਿਧਾਰਥ ਸ਼ੁਕਲਾ (40) ਦਾ ਅੱਜ ਦੁਪਹਿਰ ਸਮੇਂ ਵਰ੍ਹਦੇ ਮੀਂਹ ’ਚ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸ ਦਾ ਵੀਰਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ। ਉਸ ਦੀ ਦੇਹ ਨੂੰ ਸਿੱਧੇ ਕੂਪਰ ਹਸਪਤਾਲ ਤੋਂ ਓਸ਼ੀਵਾੜਾ ਸ਼ਮਸ਼ਾਨਘਾਟ ਲਿਆਂਦਾ ਗਿਆ। ਇਸ ਮੌਕੇ ਸ਼ੁਕਲਾ ਨਾਲ ਕੰਮ ਕਰ ਚੁੱਕੇ ਅਲੀ ਗੋਨੀ, ਆਸੀਮ ਰਿਆਜ਼, ਪਾਰਸ ਛਾਬੜਾ, ਮਾਹਿਰਾ ਖ਼ਾਨ, ਅਭਿਨਵ ਸ਼ੁਕਲਾ, ਜਯ ਭਾਨੂਸ਼ਾਲੀ, ਮਾਹੀ ਵਿੱਜ ਆਦਿ ਅਦਾਕਾਰ ਹਾਜ਼ਰ ਸਨ। ਬਿਗ ਬੌਸ ’ਚ ਸਿਧਾਰਥ ਸ਼ੁਕਲਾ ਦੀ ਗੂੜ੍ਹੀ ਦੋਸਤ ਬਣੀ ਸ਼ਹਿਨਾਜ਼ ਗਿੱਲ ਭਰਾ ਨਾਲ ਸ਼ਮਸ਼ਾਨਘਾਟ ਪੁੱਜੀ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ। ਬੌਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਰਾਜਕੁਮਾਰ ਰਾਓ ਨੇ ਸ਼ੁਕਲਾ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਉਧਰ ਪੋਸਟਮਾਰਟਮ ਤੋਂ ਬਾਅਦ ਸਿਧਾਰਥ ਸ਼ੁਕਲਾ ਦਾ ਵਿਸਰਾ ਜਾਂਚ ਲਈ ਫੋਰੈਂਸਿਕ ਲੈਬ ’ਚ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ’ਚ ਅਦਾਕਾਰ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਂਜ ਗ਼ੈਰਕੁਦਰਤੀ ਮੌਤ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਉਸ ਦੇ ਸ਼ਰੀਰ ’ਤੇ ਕਿਸੇ ਤਰ੍ਹਾਂ ਦਾ ਕੋਈ ਜ਼ਖ਼ਮ ਵੀ ਨਹੀਂ ਮਿਲਿਆ ਹੈ। -ਪੀਟੀਆਈ