ਜਗਤਾਰ ਸਮਾਲਸਰ
ਏਲਨਾਬਾਦ, 3 ਜੂਨ
ਕਸ਼ਮੀਰ ਘਾਟੀ ਵਿੱਚ ਬੀਤੇ ਦਿਨ ਅਤਿਵਾਦੀ ਹਮਲੇ ਦਾ ਸ਼ਿਕਾਰ ਹੋਏ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਭਗਵਾਨ ਦੇ ਵਸਨੀਕ ਬੈਂਕ ਮੈਨੇਜਰ ਦਾ ਅੱਜ ਉਸ ਦੇ ਜੱਦੀ ਪਿੰਡ ਵਿੱਚ ਸਸਕਾਰ ਕਰ ਦਿੱਤਾ ਗਿਆ।
ਗਮਗੀਨ ਮਾਹੌਲ ਦੌਰਾਨ ਵੱਡੀ ਗਿਣਤੀ ਵਿੱਚ ਮੌਜੂਦ ਪਿੰਡ ਵਾਸੀਆਂ, ਇਲਾਕਾ ਵਾਸੀਆਂ ਨੇ ਵਿਜੈ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 7 ਵਜੇ ਵਿਜੈ ਦੀ ਦੇਹ ਪਿੰਡ ਪੁੱਜੀ। ਜਵਾਨ ਪੁੱਤ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਦੇਖ ਕੇ ਮਾਪਿਆਂ ਦਾ ਬੁਰਾ ਹਾਲ ਸੀ। ਵਿਜੈ ਦੀ ਚਿਖਾ ਨੂੰ ਅਗਨੀ ਉਸ ਦੇ ਛੋਟੇ ਭਰਾ ਅਨਿਲ ਨੇ ਦਿਖਾਈ।
ਇਸ ਮੌਕੇ ਕਾਂਗਰਸੀ ਆਗੂ ਰਾਜਿੰਦਰ ਚਾਚਾਨ, ਸਾਬਕਾ ਵਿਧਾਇਕ ਅਭਿਸ਼ੇਕ ਮਟੋਰੀਆ, ਐੱਸਡੀਐੱਮ ਸ਼ੰਕੁਤਲਾ ਪਚਾਰ, ਤਹਿਸੀਲਦਾਰ ਜੈ ਕੌਸ਼ਿਕ ਤੇ ਰਾਮ ਕੁਮਾਰ, ਏਐੱਸਪੀ ਸੁਰੇਸ਼ ਜਾਂਗੜ, ਡੀਐੱਸਪੀ ਵਿਨੋਦ ਕੁਮਾਰ ਅਤੇ ਥਾਣਾ ਇੰਚਾਰਜ ਰਵਿੰਦਰ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਵਿਜੈ ਕੁਮਾਰ ਦੇ ਪਿਤਾ ਓਮ ਪ੍ਰਕਾਸ਼ ਨੇ ਆਖਿਆ ਕਿ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਕਸ਼ਮੀਰ ਵਿਚਲੀ ਨਫ਼ਰਤੀ ਅੱਗ ਉਨ੍ਹਾਂ ਦੇ ਬੂਹੇ ਤੱਕ ਆ ਪਹੁੰਚੇਗੀ। ਉਨ੍ਹਾਂ ਕਿਹਾ, ‘‘ਮੈਂ ਤਾਂ ਆਪਣਾ ਜਵਾਨ ਪੁੱਤ ਗੁਆ ਲਿਆ ਹੈ ਪਰ ਹੁਣ ਕਿਸੇ ਵੀ ਹੋਰ ਮਾਂ ਦਾ ਲਾਲ ਇਸ ਖੂਨੀ ਖੇਡ ਦਾ ਸ਼ਿਕਾਰ ਨਾ ਹੋਵੇ, ਇਸ ਲਈ ਕੇਂਦਰ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਸ਼ਮੀਰ ਵਿੱਚ ਨੌਕਰੀਆਂ ਕਰ ਰਹੇ ਬਾਹਰਲੇ ਸੂਬਿਆਂ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।’’