ਨਵੀਂ ਦਿੱਲੀ, 4 ਮਈ
ਭਾਰਤੀ ਜੀਵਨ ਬੀਮਾ ਨਿਗਮ ਦੇ ਸਭ ਤੋਂ ਵੱਡੀ ਆਰੰਭਿਕ ਜਨਤਕ ਭਾਈਵਾਲੀ (ਆਈਪੀਓ) ਨੂੰ ਪਹਿਲੇ ਦਿਨ ਸਮੁੱਚੇ ਤੌਰ ’ਤੇ 67 ਫ਼ੀਸਦੀ ਹਿੱਸੇਦਾਰੀ ਮਿਲੀ ਜਦਕਿ ਪਾਲਿਸੀਧਾਰਕਾਂ ਦਾ ਹਿੱਸਾ ਲੋੜੋਂ ਵੱਧ ਭਰ ਗਿਆ। ਕੇਂਦਰ ਸਰਕਾਰ, ਬੀਮਾ ਨਿਗਮ ’ਚ 3.5 ਫ਼ੀਸਦੀ ਹਿੱਸਾ ਵੇਚ ਕੇ 21,000 ਕਰੋੜ ਰੁਪਏ ਕਮਾਉਣਾ ਚਾਹੁੰਦੀ ਹੈ। ਐੱਲਆਈਸੀ ਦੀ ਆਈਪੀਓ ਪਰਚੂਨ ਤੇ ਸੰਸਥਾਗਤ ਨਿਵੇਸ਼ਕਾਂ ਲਈ ਖੁੱਲ੍ਹੀ ਸੀ, ਜੋ 9 ਮਈ ਨੂੰ ਬੰਦ ਹੋ ਜਾਵੇਗੀ। ਇਸ ਦੌਰਾਨ 7 ਮਈ ਨੂੰ ਬੋਲੀ ਲੱਗਣ ਦੀ ਪ੍ਰਕਿਰਿਆ ਵੀ ਹੋਵੇਗੀ। ਬੀਐੱਸਈ ’ਤੇ ਉਪਲੱਬਧ ਅੰਕੜਿਆਂ ਮੁਤਾਬਕ ਐੱਲਆਈਸੀ ਦੀ ਆਰੰਭਿਕ ਜਨਤਕ ਭਾਈਵਾਲੀ ’ਤੇ ਪਾਲਿਸੀਧਾਰਕਾਂ ਲਈ ਰਾਖਵਾਂ ਹਿੱਸੇ ਲਈ ਜਿੱਥੇ 1.9 ਹਿੱਸੇ ਤੱਕ ਸਬਸਕ੍ਰਾਈਬ ਕੀਤਾ ਗਿਆ, ਉੱਥੇ ਮੁਲਾਜ਼ਮਾਂ ਵਾਲਾ ਹਿੱਸਾ ਪਹਿਲੇ ਦਿਨ ਹੀ ਪੂਰੀ ਤਰ੍ਹਾਂ ਭਰ ਗਿਆ। ਐੱਲਆਈਸੀ ਨੇ ਪ੍ਰਤੀ ਇਕੁਅਟੀ ਹਿੱਸੇਦਾਰੀ 902-949 ਰੁਪਏ ਤੈਅ ਕੀਤੀ ਹੈ। ਇਸ ਪੇਸ਼ਕਸ਼ ਤਹਿਤ ਯੋਗ ਮੁਲਾਜ਼ਮਾਂ ਅਤੇ ਪਾਲਿਸੀਧਾਰਕਾਂ ਲਈ ਰਾਖਵਾਂਕਰਨ ਵੀ ਸ਼ਾਮਲ ਹੈ। ਜਿੱਥੇ ਪਰਚੂਨ ਨਿਵੇਸ਼ਕਾਂ ਤੇ ਯੋਗ ਮੁਲਾਜ਼ਮਾਂ ਨੂੰ ਪ੍ਰਤੀ ਇਕੁਅਟੀ ਸ਼ੇਅਰ 45 ਰੁਪਏ ਦੀ ਛੋਟ ਮਿਲੇਗੀ, ਉੱਥੇ ਪਾਲਿਸੀਧਾਰਕਾਂ ਨੂੰ 60 ਰੁਪਏ ਦੀ ਛੋਟ ਮਿਲੇਗਾ। ਇਸ ਆਈਪੀਓ ਰਾਹੀਂ ਸਰਕਾਰ 22.13 ਕਰੋੜ ਰੁਪਏ ਦੇ ਸ਼ੇਅਰ ਵੇਚਣਾ ਚਾਹੁੰਦੀ ਹੈ। ਐੱਲਆਈਸੀ ਨੇ ਦੱਸਿਆ ਕਿ ਉਸਨੇ ਐਂਕਰ ਨਿਵੇਸ਼ਕਾਂ ਤੋਂ 5,627 ਕਰੋੜ ਰੁਪਏ ਇਕੱਤਰ ਕਰ ਲਏ ਹਨ ਜਿਨ੍ਹਾਂ ਵਿੱਚ ਘਰੇਲੂ ਕੰਪਨੀਆਂ ਦੀ ਬਹੁਤਾਤ ਹੈ। ਇਸ ਦੌਰਾਨ ਅੱਜ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਐੱਲਆਈਸੀ ਦੇ ਮੁਲਾਜ਼ਮਾਂ ਨੇ ਆਈਪੀਓ ਪ੍ਰਣਾਲੀ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਤੇ ਧਰਨੇ ਦਿੱਤੇ। -ਪੀਟੀਆਈ