ਸ੍ਰੀਨਗਰ, 5 ਨਵੰਬਰ
ਕਸ਼ਮੀਰ ਦੇ ਕਈ ਉੱਚੇ ਪਹਾੜੀ ਖੇਤਰਾਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਦੋਂਕਿ ਮੈਦਾਨੀ ਇਲਾਕਿਆਂ ਦੇ ਕੁੱਝ ਹਿੱਸਿਆਂ ਵਿੱਚ ਹਲਕਾ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਬਹੁਤ ਸਾਰੇ ਪਹਾੜੀ ਖੇਤਰਾਂ ਵਿੱਚ ਅੱਜ ਤੜਕੇ ਬਰਫ਼ਬਾਰੀ ਸ਼ੁਰੂ ਹੋ ਗਈ।
ਉਨ੍ਹਾਂ ਦੱਸਿਆ ਕਿ ਕੁਪਵਾੜਾ ਦੇ ਮਛੀਲ ਤੇ ਟੰਗਧਾਰ ਖੇਤਰ, ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼, ਬਾਰਮੂਲਾ ਦੇ ਪ੍ਰਸਿੱਧ ਸੈਰ-ਸਪਾਟੇ ਵਾਲੀ ਥਾਂ ਗੁਲਮਰਗ, ਗੰਦਰਬਲ ਦੇ ਸੋਨਮਰਗ ਅਤੇ ਕੁੱਝ ਹੋਰ ਉੱਚੇ ਖੇਤਰਾਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਕੁੱਝ ਸਮੇਂ ਲਈ ਬਾਂਦੀਪੁਰਾ-ਗੁਰੇਜ਼ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ। ਮੌਸਮ ਵਿਭਾਗ ਨੇ ਦੱਸਿਆ ਕਿ ਕੁੱਝ ਖੇਤਰਾਂ ਵਿੱਚ ਹੋਰ ਬਰਫ਼ਬਾਰੀ ਪੈ ਸਕਦੀ ਹੈ। ਸ਼ਨਿੱਚਰਵਾਰ ਤੋਂ ਕੁੱਝ ਦਿਨਾਂ ਲਈ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਵੀ ਕੀਤੀ ਹੈ। ਉੱਧਰ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਵੀ ਬਰਫ ਪਈ ਹੈ। ਮਨਾਲੀ ’ਚ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਉੱਥੇ ਪਹੁੰਚ ਗਏ ਜਿਸ ਕਾਰਨ ਸੜਕਾਂ ’ਤੇ ਜਾਮ ਵੀ ਲੱਗ ਗਿਆ। -ਪੀਟੀਆਈ