ਨਵੀਂ ਦਿੱਲੀ, 16 ਮਈ
ਖਾਲਿਸਤਾਨੀ ਸਮਰਥਕਾਂ ਨੂੰ ਪਨਾਹ ਦੇਣ ਲਈ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਦੁਵੱਲੇ ਸਬੰਧਾਂ ’ਚ ਵਿਗਾੜ ਨਾਲ ਕੈਨੇਡਾ ਨੂੰ ਹੋਰ ਭਾਰੀ ਨੁਕਸਾਨ ਹੋਵੇਗਾ। ਮਹਾਰਾਸ਼ਟਰ ਦੇ ਨਾਸਿਕ ’ਚ ‘ਵਿਸ਼ਵਬੰਧੂ ਭਾਰਤ’ ਸਮਾਗਮ ਦੌਰਾਨ ਆਪਣੇ ਸੰਬੋਧਨ ’ਚ ਜੈਸ਼ੰਕਰ ਨੇ ਕਿਹਾ, ‘‘ਪ੍ਰਗਟਾਵੇ ਦੀ ਆਜ਼ਾਦੀ ਕਦੇ ਵੀ ਹਿੰਸਾ ਦੀ ਵਕਾਲਤ ਨਹੀਂ ਹੋ ਸਕਦੀ ਹੈ। ਪ੍ਰਗਟਾਵੇ ਦੀ ਆਜ਼ਾਦੀ ਵਿਦੇਸ਼ੀ ਮੁਲਕ ’ਚ ਵੱਖਵਾਦ ਅਤੇ ਅਤਿਵਾਦ ਦੀ ਹਮਾਇਤ ਨਹੀਂ ਹੋ ਸਕਦੀ ਹੈ। ਖਾਲਿਸਤਾਨੀਆਂ ਦਾ ਇਕ ਗੁੱਟ ਵਰ੍ਹਿਆਂ ਤੋਂ ਕੈਨੇਡਾ ਦੇ ਆਜ਼ਾਦ ਖ਼ਿਆਲ ਕਾਨੂੰਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਪਰ ਜਦੋਂ ਕੈਨੇਡਾ ਸਰਕਾਰ ਦੀ ਕੋਈ ਸਿਆਸੀ ਮਜਬੂਰੀ ਹੁੰਦੀ ਹੈ ਤਾਂ ਉਹ ਅਜਿਹੇ ਅਨਸਰਾਂ ਨੂੰ ਆਪਣੇ ਵੋਟ ਬੈਂਕ ਲਈ ਵਰਤਦੇ ਹਨ।’’ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਸਬੰਧ ਅਜਿਹੇ ਅਨਸਰਾਂ ਦੀਆਂ ਸਰਗਰਮੀਆਂ ਕਾਰਨ ਖ਼ਰਾਬ ਹੋਏ ਹਨ ਜੋ ਭਾਰਤ ਦੇ ਸਫ਼ੀਰ ਅਤੇ ਵੱਖ ਵੱਖ ਡਿਪਲੋਮੈਟਾਂ ਨੂੰ ਧਮਕੀਆਂ ਦੇ ਰਹੇ ਹਨ। ‘ਉਹ ਹਾਈ ਕਮਿਸ਼ਨ ਅੰਦਰ ਧੂੰਏਂ ਵਾਲੇ ਬੰਬ ਸੁੱਟਦੇ ਹਨ ਅਤੇ ਇਕ ਵਾਰ ਤਾਂ ਸਾਡੇ ਡਿਪਲੋਮੈਟਾਂ ਨੂੰ ਇਮਾਰਤ ਤੋਂ ਬਾਹਰ ਆਉਣ ’ਚ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਖ਼ਿਲਾਫ਼ ਜਿਹੜੇ ਵਿਅਕਤੀ ਦਹਿਸ਼ਤੀ ਸਰਗਰਮੀਆਂ ਦੀ ਹਮਾਇਤ ਕਰਦੇ ਹਨ, ਉਨ੍ਹਾਂ ਨੂੰ ਕੈਨੇਡਾ ’ਚ ਪਨਾਹ ਦਿੱਤੀ ਜਾ ਰਹੀ ਹੈ। -ਆਈਏਐੱਨਐੱਸ
‘ਕਿਸੇ ਦੀ ਕਮਜ਼ੋਰੀ ਕਾਰਨ ਪੀਓਕੇ ਭਾਰਤ ਹੱਥੋਂ ਖੁੱਸਿਆ’
ਨਾਸਿਕ: ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਅਤੇ ਕਾਂਗਰਸ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਕਿਸੇ ਦੀ ਕਮਜ਼ੋਰੀ ਜਾਂ ਗਲਤੀ ਕਾਰਨ ਮਕਬੂਜ਼ਾ ਕਸ਼ਮੀਰ (ਪੀਓਕੇ) ਭਾਰਤ ਹੱਥੋਂ ਖੁੱਸਿਆ ਸੀ। ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਜੇਕਰ ਭਾਰਤ ‘ਲਕਸ਼ਮਣ ਰੇਖਾ’ ਪਾਰ ਕਰੇ ਅਤੇ ਪੀਓਕੇ ਦਾ ਭਾਰਤ ’ਚ ਰਲੇਵਾਂ ਕਰ ਲਵੇ ਤਾਂ ਚੀਨ ਦਾ ਪ੍ਰਤੀਕਰਮ ਕੀ ਹੋਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਲਕਸ਼ਮਣ ਰੇਖਾ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਪੀਓਕੇ ਭਾਰਤ ਦਾ ਹਿੱਸਾ ਹੈ ਤੇ ਆਰਜ਼ੀ ਤੌਰ ’ਤੇ ਮੁਲਕ ਹੱਥੋਂ ਖੁੱਸ ਗਿਆ ਹੈ। ਉਨ੍ਹਾਂ ਕਿਹਾ ਕਿ ਚੀਨ ਇਸ ਗੱਲ ਦਾ ਸਤਿਕਾਰ ਕਰੇਗਾ ਕਿ ਇਹ ਇਲਾਕਾ ਭਾਰਤ ਦਾ ਹੈ। -ਏਐੱਨਆਈ