ਨਵੀਂ ਦਿੱਲੀ, 3 ਅਗਸਤ
ਕੇਂਦਰੀ ਮੰਤਰੀਆਂ ਸਮੇਤ ਕਈ ਸੰਸਦ ਮੈਂਬਰਾਂ ਨੇ ਅੱਜ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਮੁਹਿੰਮ ਦੇ ਹਿੱਸੇ ਵਜੋਂ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀਆਂ ਦੇਣ ਲਈ ਇਤਿਹਾਸਕ ਲਾਲ ਕਿਲ੍ਹੇ ਤੋਂ ਮੋਟਰਸਾਈਕਲ ਰੈਲੀ ਕੱਢੀ। ਸੜਕਾਂ ’ਤੇ ਤਿਰੰਗਾ ਲਹਿਰਾ ਰਹੇ ਸੰਸਦ ਮੈਂਬਰਾਂ ਨੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵਧਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੈਲਮਟ ਨਾ ਪਾਉਣ ’ਤੇ ਦਿੱਲੀ ਪੁਲੀਸ ਨੇ ਸੰਸਦ ਮੈਂਬਰ ਮਨੋਜ ਤਿਵਾੜੀ ਦਾ ਚਲਾਨ ਕੱਟ ਦਿੱਤਾ। ਤਿਵਾੜੀ ਨੇ ਟਵਿੱਟਰ ’ਤੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਜੁਰਮਾਨਾ ਭਰਨਗੇ। ਲਾਲ ਕਿਲ੍ਹੇ ਤੋਂ ਮੋਟਰਸਾਈਕਲ ’ਤੇ ਆਏ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਇੰਡੀਆ ਗੇਟ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ ਅਤੇ ਨੌਜਵਾਨ ਆਗੂਆਂ ਨੇ ਇਕੱਠਿਆਂ ਲਾਲ ਕਿਲ੍ਹੇ ਤੋਂ ਮੋਟਰਸਾਈਕਲ ਰੈਲੀ ਕਰ ਕੇ ਆਪਣੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਕੰਮ ਕਰਨ ਦਾ ਸੁਨੇਹਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ‘ਤਿਰੰਗਾ ਉਤਸਵ’ ਕਰਵਾਇਆ ਗਿਆ ਸੀ। ਇਸ ਦੌਰਾਨ ਕੇੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ ਤਾਂ ਜੋ ਦੁਨੀਆ ਨੂੰ ਦੱਸਿਆ ਜਾ ਸਕੇ ਕਿ ਭਾਰਤ ‘ਨੀਂਦ ਵਿੱਚੋਂ ਉੱਠ ਗਿਆ’ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਦੀ ਅਗਵਾਈ ਹੇਠ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। -ਪੀਟੀਆਈ